ਜੰਮੂ–ਕਸ਼ਮੀਰ ਦੇ ਮੁੱਖ ਸਕੱਤਰ ਬੀਐੱਸ ਸੁਬਰਾਮਨੀਅਮ ਨੇ ਕਿਹਾ ਹੈ ਕਿ ਕਸ਼ਮੀਰ ਵਾਦੀ ਵਿੱਚ ਪਾਬੰਦੀਆਂ ਜ਼ਰੂਰ ਹਨ ਪਰ ਕਿਸੇ ਦੀ ਜਾਨ ਨਹੀਂ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੀਤੇ ਦਿਨਾਂ ਦੌਰਾਨ ਇੱਕ ਵੀ ਵਿਅਕਤੀ ਦੀ ਜਾਨ ਨਹੀਂ ਗਈ। ਸਭ ਕੁਝ ਠੀਕਠਾਕ ਹੈ ਪਰ ਪਾਕਿਸਤਾਨ ਲਗਾਤਾਰ ਮਾਹੌਲ ਖ਼ਰਾਬ ਕਰਨ ਵਿੱਚ ਲੱਗਾ ਹੋਇਆ ਹੈ।
ਮੁੱਖ ਸਕੱਤਰ ਨੇ ਇਹ ਪ੍ਰਗਟਾਵਾ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ਵਿੱਚ ਸਰਬ–ਪੱਖੀ ਵਿਕਾਸ ਕਰਨਾ ਸਰਕਾਰ ਦਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵੇਲੇ ਉਨ੍ਹਾਂ ਸੰਗਠਨਾਂ ਬਾਰੇ ਜਾਣਕਾਰੀ ਕੱਢ ਰਹੀ ਹੈ; ਜੋ ਵੀ ਵਾਦੀ ਵਿੱਚ ਅੱਤਵਾਦ ਫੈਲਾਉਣ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਭੜਕਾਹਟ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ; ਇਸੇ ਲਈ ਫ਼ੋਨ ਤੇ ਇੰਟਰਨੈੱਟ ਸੇਵਾਵਾਂ ਰੋਕੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਮੇਂ–ਸਮੇਂ ’ਤੇ ਲੋਕਾਂ ਨੂੰ ਛੋਟਾਂ ਵੀ ਦਿੱਤੀਆਂ ਗਈਆਂ ਸਨ। ਈਦ ਵੇਲੇ ਵੀ ਲੋਕਾਂ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਜਿਹੜੇ ਲੋਕ ਹੱਜ ਤੋਂ ਪਰਤ ਰਹੇ ਹਨ; ਉਨ੍ਹਾਂ ਨੂੰ ਵੀ ਪੂਰੀ ਸਹੂਲਤ ਦਿੱਤੀ ਜਾ ਰਹੀ ਹੈ।
ਸ੍ਰੀ ਸੁਬਰਾਮਨੀਅਮ ਨੇ ਕਿਹਾ ਕਿ ਪਾਕਿਸਤਾਨ ਭਾਵੇਂ ਲਗਾਤਾਰ ਕਸ਼ਮੀਰ ਦਾ ਮਾਹੌਲ ਵਿਗਾੜਨ ਦਾ ਜਤਨ ਕਰ ਰਿਹਾ ਹੈ ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਹਾਲਾਤ ਹੌਲੀ–ਹੌਲੀ ਆਮ ਵਰਗੇ ਹੁੰਦੇ ਜਾ ਰਹੇ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਹੁਦ ਕੁਝ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਸਰਕਾਰੀ ਦਫ਼ਤਰ ਖੋਲ੍ਹ ਦਿੱਤੇ ਗਏ ਹਨ। ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੋਲ੍ਹੇ ਜਾ ਰਹੇ ਹਨ।
ਹਾਲਾਤ ਦਾ ਜਾਇਜ਼ਾ ਲੈ ਕੇ ਅਗਲੇਰੇ ਹੁਕਮ ਜਾਰੀ ਕੀਤੇ ਜਾਣਗੇ।