ਅਗਲੀ ਕਹਾਣੀ

FASTag ਨੂੰ ਲਾਜ਼ਮੀ ਕਰਨ ਦੀ ਅੰਤਮ ਤਰੀਕ 'ਚ ਹੋਇਆ ਵਾਧਾ

ਭਾਰਤ ਵਿੱਚ ਇਲੈਕਟ੍ਰਾਨਿਕ ਟੋਲ ਨੂੰ ਉਤਸ਼ਾਹਤ ਕਰਨ ਅਤੇ ਮੁਸਾਫਰਾਂ ਨੂੰ ਸਹੂਲਤ ਦੇਣ ਲਈ ਕੇਂਦਰ ਸਰਕਾਰ 1 ਦਸੰਬਰ ਤੋਂ ਨੈਸ਼ਨਲ ਹਾਈਵੇ 'ਤੇ ਫਾਸਟਟੈਗ ਜਾਂ ਆਰ.ਐਫ.ਆਈ.ਡੀ. ਨੂੰ ਜ਼ਰੂਰੀ ਕਰਨ ਜਾ ਰਹੀ ਹੈ। ਅੱਜ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਇਸ ਨੂੰ 15 ਦਿਨ ਲਈ ਅੱਗੇ ਵਧਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ 16 ਦਸੰਬਰ 2019 ਤੋਂ ਟੋਲ ਪਲਾਜ਼ਾ ਤੋਂ ਗੁਜਰਨ ਵਾਲੀਆਂ ਗੱਡੀਆਂ ਲਈ ਫਾਸਟਟੈਗ ਲਾਜ਼ਮੀ ਹੋਵੇਗਾ। ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਨੇ ਹੁਣ ਤੱਕ ਆਪਣੀ ਗੱਡੀ 'ਤੇ ਫਾਸਟਟੈਗ ਨਹੀਂ ਲਗਾਇਆ ਹੈ।
 

ਸ਼ੁਕਰਵਾਰ ਸ਼ਾਮ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਇਸ ਸਬੰਧ 'ਚ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ। ਫਾਸਟਟੈਗ ਲਾਜ਼ਮੀ ਕੀਤੇ ਜਾਣ ਦੀ ਅੰਤਮ ਤਰੀਕ ਵਧਾਉਣ ਬਾਰੇ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਆਮ ਲੋਕਾਂ ਨੂੰ ਫਾਸਟਟੈਗ ਖਰੀਦਣ ਲਈ ਪੂਰਾ ਸਮਾਂ ਮਿਲ ਸਕੇ, ਇਸ ਨੂੰ ਧਿਆਨ 'ਚ ਰੱਖਦਿਆਂ ਅੰਤਮ ਤਰੀਕ ਨੂੰ ਵਧਾ ਦਿੱਤਾ ਗਿਆ ਹੈ।
 

ਫਾਸਟ ਟੈਗ ਕੀ ਹੈ?
ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ 'ਤੇ ਲਾਇਆ ਜਾਵੇਗਾ। ਜਦੋਂ ਤੁਸੀਂ ਟੋਲ ਪਲਾਜ਼ਾ 'ਤੇ ਆਪਣੀ ਫਾਸਟ ਟੈਗ ਨਾਲ ਲੈਸ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੋਗੇ ਤਾਂ ਉੱਥੇ ਲੱਗਿਆ ਸਕੈਨਰ ਤੁਹਾਡੇ ਫਾਸਟ ਟੈਗ ਨੂੰ ਆਪਣੇ-ਆਪ ਸਕੈਨ ਕਰ ਲਵੇਗਾ। ਫਿਰ ਬੈਰੀਕੇਡ ਖੁੱਲ੍ਹ ਕੇ ਤੁਹਾਨੂੰ ਲਾਂਘਾ ਦੇਵੇਗਾ ਅਤੇ ਤੁਸੀਂ ਉੱਥੋਂ ਗੁਜ਼ਰ ਜਾਓਗੇ। ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜਿਹੜਾ ਰੇਡੀਓ ਫਰੀਕੁਐਂਸੀ ਟੈਕਨੋਲਾਜੀ (RFID) ਨਾਲ ਕੰਮ ਕਰਦਾ ਹੈ। ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਣਗੇ।

 

ਜੇ ਫਾਸਟ ਟੈਗ ਨਾ ਲਵਾਇਆ?
ਭਾਰਤ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 16 ਦਸੰਬਰ 2019 ਤੋਂ ਸਾਰੇ ਨੈਸ਼ਨਲ ਹਾਈਵੇਅਜ਼ 'ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕੀਤਾ ਜਾ ਸਕੇਗਾ। ਜੇਕਰ ਤੁਸੀਂ 15 ਦਸੰਬਰ ਤੱਕ ਫਾਸਟ ਟੈਗ ਨਹੀਂ ਲਗਵਾਉਂਦੇ ਤਾਂ 16 ਦਸੰਬਰ ਨੂੰ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ।

 

ਫਾਸਟ ਟੈਗ ਲਈ ਅਪਲਾਈ ਕਿਵੇਂ ਕਰੀਏ?
ਫਾਸਟ ਟੈਗ ਲਈ ਤੁਸੀਂ ਵੈਬਸਾਈਟ www.fastag.org 'ਤੇ ਅਪਲਾਈ ਕਰ ਸਕਦੇ ਹੋ ਜਦੋਂ ਤੁਸੀਂ ਇਸ ਵੈੱਬਸਾਈਟ 'ਤੇ ਕਲਿੱਕ ਕਰੋਗੇ ਤਾਂ ਤੁਹਾਡੀ ਸਕਰੀਨ 'ਤੇ ਇਸ ਸਕੀਮ ਨਾਲ ਜੁੜੇ ਸਾਰੇ ਬੈਂਕ ਆ ਜਾਣਗੇ। ਇੱਥੋਂ ਹੀ ਤੁਸੀਂ ਆਪਣੇ ਟੈਗ ਨੂੰ ਰੀਚਾਰਜ ਵੀ ਕਰਵਾ ਸਕਦੇ ਹੋ। ਤੁਸੀਂ ਬੈਂਕਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਫਾਸਟ ਟੈਗ ਲਈ ਅਪਲਾਈ ਕਰ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FASTag implementation date postponed to December 15