ਅਗਲੇ ਦੋ-ਤਿੰਨ ਦਿਨਾਂ 'ਚ ਦੇਸ਼ ਦੇ ਉੱਤਰ-ਪੱਛਮੀ ਹਿੱਸੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁੱਝ ਥਾਵਾਂ 'ਤੇ ਗੜ੍ਹੇ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਿਕ ਭਲਕੇ 12 ਜਵਨਰੀ ਨੂੰ ਮੌਸਮ ਖੁਸ਼ਕ ਰਹੇਗਾ, ਜਿਸ ਤੋਂ ਬਾਅਦ ਖੇਤਰ ਵਿੱਚ ਬਾਰਸ਼ ਦੀ ਗਤੀਵਿਧੀ ਸ਼ੁਰੂ ਹੋਣ ਦੀ ਸੰਭਾਵਨਾ ਹੈ। 13 ਜਨਵਰੀ ਨੂੰ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਕੁਝ ਥਾਵਾਂ' ਤੇ ਗੜ੍ਹੇ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਅੱਜ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ, ਅੰਮ੍ਰਿਤਸਰ, ਪਟਿਆਲਾ, ਅੰਬਾਲਾ, ਰੋਹਤਕ ਅਤੇ ਦਿੱਲੀ ਦਾ ਤਾਪਮਾਨ 5 ਡਿਗਰੀ, ਲੁਧਿਆਣਾ 6 ਡਿਗਰੀ, ਪਠਾਨਕੋਟ 4 ਡਿਗਰੀ, ਬਠਿੰਡਾ, ਕਰਨਾਲ ਅਤੇ ਹਲਵਾਰਾ 3 ਡਿਗਰੀ, ਫਰੀਦਕੋਟ, ਨਾਰਨੌਲ ਅਤੇ ਹਿਸਾਰ 4 ਡਿਗਰੀ ਸੈਲਸੀਅਸ ਰਿਹਾ। ਆਦਮਪੁਰ 'ਚ ਸਭ ਤੋਂ ਘੱਟ 2 ਡਿਗਰੀ, ਸਿਰਸਾ ਅਤੇ ਭਿਵਾਨੀ 6 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਸ੍ਰੀਨਗਰ ਵਿੱਚ ਪਾਰਾ -5 ਡਿਗਰੀ, ਜੰਮੂ ਵਿੱਚ ਪਾਰਾ 3 ਡਿਗਰੀ ਸੈਲਸੀਅਸ ਰਿਹਾ।

ਹਿਮਾਚਲ ਪ੍ਰਦੇਸ਼ 'ਚ ਅਗਲੇ 48 ਘੰਟਿਆਂ 'ਚ ਫਿਰ ਬਰਫਬਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 11 ਜ਼ਿਲ੍ਹਿਆਂ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਹਾਲ ਹੀ 'ਚ ਹੋਈ ਬਰਫਬਾਰੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਬਰਫ ਦੀ ਚਿਤਾਵਨੀ ਨੇ ਫਿਰ ਲੋਕਾਂ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ। ਪਿਛਲੇ ਦਿਨੀਂ ਇਲਾਕੇ 'ਚ ਹੋਈ ਭਾਰੀ ਬਰਫਬਾਰੀ ਕਾਰਨ ਬਿਜਲੀ, ਪਾਣੀ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਸ਼ਿਮਲਾ, ਕੁੱਲੂ, ਚੰਬਾ, ਮੰਡੀ, ਲਾਹੌਲ ਅਤੇ ਕਿੰਨੌਰ ਦੇ ਕਈ ਇਲਾਕੇ ਚੌਥੇ ਦਿਨ ਵੀ ਦੇਸ਼-ਦੁਨੀਆ ਤੋਂ ਕੱਟੇ ਰਹੇ। ਪਾਈਪਾਂ 'ਚ ਪੀਣ ਵਾਲੇ ਪਾਣੀ ਦੇ ਜੰਮ ਜਾਣ ਕਾਰਨ ਲੋਕਾਂ ਦੀ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਸੂਬੇ 'ਚ ਜ਼ਿਆਦਾਤਰ ਥਾਵਾਂ 'ਤੇ ਪਾਰਾ ਜ਼ੀਰੋ ਡਿਗਰੀ ਤੋਂ ਘੱਟ ਚੱਲ ਰਿਹਾ ਹੈ। ਲੋਕ ਨਿਰਮਾਣ ਵਿਭਾਗ ਦੀ ਮੰਡੀ, ਸ਼ਿਮਲਾ ਅਤੇ ਕਾਂਗੜਾ ਤਿੰਨਾਂ ਸਰਕਿਲਾਂ ਦੀਆਂ 835 ਸੜਕਾਂ ਬੰਦ ਹਨ ਅਤੇ ਟਰਾਂਸਪੋਰਟ ਕਾਰਪੋਰੇਸ਼ਨ ਦੇ ਲਗਭਗ 300 ਰਸਤੇ ਪ੍ਰਭਾਵਿਤ ਹਨ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਭਲਕ ਤੋਂ ਲਾਹੌਲ, ਕਿਨੌਰ, ਸ਼ਿਮਲਾ ਅਤੇ ਚੰਬਾ ਦੇ ਬਰਫੀਲੇ ਇਲਾਕਿਆਂ ਵਿੱਚ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ।