ਹੁਣ ਤੱਕ ਤੁਸੀਂ ਇਨਸਾਨਾਂ ਤੇ ਬੱਚਿਆਂ ਨੂੰ ਜਨਮ-ਦਿਨ ਮਨਾਉਂਦਿਆਂ ਤੇ ਉਸ ਮੌਕੇ ਕੇਕ ਕੱਟਦਿਆ ਵੇਖਿਆ ਤੇ ਸੁਣਿਆ ਹੋਵੇਗਾ। ਪਰ ਬਿਹਾਰ ਦੇ ਸਮੱਸਤੀਪੁਰ `ਚ ਅਜਿਹੇ ਵੀ ਪਸ਼ੂ-ਪ੍ਰੇਮੀ ਹਨ, ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਹਥਣੀ ਦਾ ਜਨਮ-ਦਿਨ ਧੂਮਧਾਮ ਨਾਲ ਮਨਾਇਆ, ਸਗੋਂ ਹਥਣੀ ਨੇ ਵੀ ਇਸ ਮੌਕੇ ਤਲਵਾਰ ਨਾਲ 50 ਕਿਲੋਗ੍ਰਾਮ ਦਾ ਕੇਕ ਕੱਟ ਕੇ ਖ਼ੁਸ਼ੀਆਂ ਮਨਾਈਆਂ।
ਇਸ ਮੌਕੇ ਬਿਹਾਰ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਚੌਧਰੀ ਸਮੇਤ ਕਈ ਪਸ਼ੂ-ਪ੍ਰੇਮੀ ਮੌਜੂਦ ਸਨ। ਸਮੱਸਤੀਪੁਰ ਦੇ ਮਥੁਰਾਪੁਰ ਨਿਵਾਸੀ ਮਹੇਂਦਰ ਪ੍ਰਧਾਨ ਦੀ ਪਛਾਣ ਇਸ ਇਲਾਕੇ `ਚ ਨਾ ਸਿਰਫ਼ ਇੱਕ ਪਸ਼ੂ-ਪ੍ਰੇਮੀ ਦੇ ਰੂਪ ਵਿੱਚ ਹੈ, ਸਗੋਂ ਉਨ੍ਹਾਂ ਨੂੰ ਵੰਖੋ-ਵੱਖਰੀ ਕਿਸਮ ਦੇ ਜਾਨਵਰ ਵੀ ਪਾਲਣ ਦਾ ਸ਼ੌਕ ਹੈ। ਇਸੇ ਸ਼ੌਕ ਕਾਰਨ ਉਨ੍ਹਾਂ ਕੋਲ ਹਾਥੀ, ਘੋੜੇ, ਊਠ, ਗਊਆਂ, ਬਲਦ ਸਮੇਤ ਕਈ ਜਾਨਵਰ ਤੇ ਪੰਛੀ ਮੌਜੂਦ ਹਨ।
ਸ੍ਰੀ ਪ੍ਰਧਾਨ ਨੇ ਐਤਵਾਰ ਸ਼ਾਮੀਂ ਆਪਣੀ ਅੱਠ ਸਾਲਾ ਹਥਣੀ ਰਾਣੀ ਦਾ ਅੱਠਵਾਂ ਜਨਮ ਦਿਨ ਧੂਮਧਾਮ ਤੇ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ। ਰਾਣੀ ਨੇ ਵੀ ਇਸ ਮੌਕੇ ਆਪਣੀ ਸੁੰਡ ਨਾਲ ਤਲਵਾਰ ਫੜ ਕੇ 50 ਕਿਲੋਗ੍ਰਾਮ ਦਾ ਕੇਕ ਕੱਟਿਆ। ਇਸ ਮੌਕੇ ਵਾਜੇ, ਊਠ ਤੇ ਘੋੜੇ ਸੱਦੇ ਗਏ ਸਨ।
ਇਸ ਅਨੋਖੇ ਪਸ਼ੂ-ਪ੍ਰੇਮ ਨੂੰ ਵੇਖਣ ਲਈ ਬਿਹਾਰ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਚੌਧਰੀ ਨਾਲ ਸੈਂਕੜੇ ਸਕੂਲੀ ਬੱਚੇ ਤੇ ਸਥਾਨਕ ਨਿਵਾਸੀ ਮੌਜੂਦ ਸਨ। ਇਸ ਸਮਾਰੋਹ `ਚ ਭਾਵ ਲੇਣ ਵਾਲੇ ਵੀ ਰਾਣੀ ਲਈ ਜਨਮ ਦਿਨ ਦੇ ਤੋਹਫ਼ੇ ਲੈ ਕੇ ਪੁੱਜੇ ਸਨ। ਇਸ ਜਨ-ਦਿਨ ਸਮਾਰੋਹ `ਚ ਪੁੱਜੇ ਵਿਧਾਨ ਸਭਾ ਸਪੀਕਰ ਵਿਜੇ ਚੌਧਰੀ ਨੇ ਕਿਹਾ ਕਿ ਅੱਜ ਦੇ ਰੁਝੇਵਿਆਂ ਭਰਪੂਰ ਜੀਵਨ ਵਿੱਚ ਲੋਕ ਆਪਣੇ ਪਰਿਵਾਰਕ ਮੈਂਬਰਾਂ ਤੱਕ ਦੇ ਜਨਮ-ਦਿਨ ਮਨਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਪਸ਼ੂਆਂ ਨਾਲ ਕਿੰਨਾ ਪਿਆਰ ਕਰਦੇ ਹਨ।
ਸ੍ਰੀ ਪ੍ਰਧਾਨ ਨੇ ਦੱਸਿਆ ਕਿ ਸਾਲ 2011 `ਚ ਮਾਲਾ ਨਾਂਅ ਦੀ ਇੱਕ ਹਥਣੀ ਉਨ੍ਹਾਂ ਨੂੰ ਤੋਹਫ਼ੇ ਵਜੋਂ ਮਿਲੀ ਸੀ ਤੇ ਉਹ ਗਰਭਵਤੀ ਸੀ। ਕੁਝ ਮਹੀਨਿਆਂ ਬਾਅਦ ਉਸ ਨੇ ਇੱਕ ਹਥਣੀ ਨੂੰ ਜਨਮ ਦਿੱਤਾ, ਜਿਸ ਦਾ ਨਾਂਅ ਉਨ੍ਹਾਂ ਰਾਣੀ ਰੱਖਿਆ। ਰਾਣੀ ਦੇ ਜਨਮ ਦੇ ਛੇ ਮਹੀਨਿਆਂ ਪਿੱਛੋਂ ਹੀ ਉਸ ਦੀ ਮਾਂ ਦੀ ਮੌਤ ਹੋ ਗਈ।