ਪ੍ਰਸਿੱਧ ਫ਼ਿਲਮ ਅਦਾਕਾਰ ਤੇ ਉੱਘੇ ਰੰਗਮੰਚ ਕਲਾਕਾਰ ਗਿਰੀਸ਼ ਕਰਨਾਡ ਦਾ ਅੱਜ ਸੋਮਵਾਰ ਸਵੇਰੇ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਗਿਆਨਪੀਠ ਐਵਾਰਡ ਜੇਤੂ ਗਿਰੀਸ਼ ਕਰਨਾਡ ਲੇਖਕ ਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਦਾ ਪੂਰਾ ਨਾਂਅ ਗਿਰੀਸ਼ ਰਘੂਨਾਥ ਕਰਨਾਡ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਗਿਰੀਸ਼ ਕਰਨਾਡ ਦਾ ਦੇਹਾਂਤ ਉਨ੍ਹਾਂ ਦੇ ਬੰਗਲੌਰ ਸਥਿਤ ਆਪਣੇ ਘਰ ਵਿੱਚ ਹੋਇਆ।
ਗਿਰੀਸ਼ ਕਰਨਾਡ ਦਾ ਜਨਮ 19 ਮਈ, 1938 ਨੂੰ ਮਹਾਰਾਸ਼ਟਰ ਦੇ ਸ਼ਹਿਰ ਮਾਥੇਰਾਨ ਵਿਖੇ ਹੋਇਆ ਸੀ। ਉਹ ਭਾਰਤ ਦੇ ਮੰਨੇ–ਪ੍ਰਮੰਨੇ ਲੇਖਕ, ਅਦਾਕਾਰ, ਫ਼ਿਲਮ ਡਾਇਰੈਕਟਰ ਤੇ ਨਾਟਕਕਾਰ ਸਨ।
ਉਹ ਅੰਗਰੇਜ਼ੀ ਤੇ ਕੰਨੜ ਦੋਵੇਂ ਭਾਸ਼ਾਵਾਂ ਦੇ ਚੰਗੇ ਜਾਣਕਾਰ ਸਨ। ਉਨ੍ਹਾਂ ਨੂੰ 1998 ’ਚ ਗਿਆਨਪੀਠ ਸਮੇਤ ਪਦਮਸ਼੍ਰੀ ਤੇ ਪਦਮਭੂਸ਼ਣ ਜਿਹੇ ਕਈ ਵੱਕਾਰੀ ਪੁਰਸਕਾਰਾਂ ਨਾਲ ਨਵਾਜ਼ਿਆ ਗਿਆ ਸੀ।
ਸ੍ਰੀ ਕਰਨਾਡ ਵੱਲੋਂ ਸਿਰਜਿਤ ਤੁਗ਼ਲਕ, ਹਯਵਦਨ, ਤਲੇਦੰਡ, ਨਾਗਮੰਡਲ ਤੇ ਯਯਾਤਿ ਜਿਹੇ ਨਾਟਕ ਬਹੁਤ ਪ੍ਰਸਿੱਧ ਹੋਏ ਸਨ ਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਭਾਰਤ ਦੀਆਂ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਤੇ ਮੰਚਨ ਵੀ ਹੋਇਆ ਹੈ।