ਅਗਲੀ ਕਹਾਣੀ

ਮੁੰਬਈ ਦੇ ਭਾਰਤ ਪੈਟਰੋਲੀਅਮ ਪਲਾਂਟ ਨੂੰ ਅੱਗ, 43 ਜ਼ਖ਼ਮੀ, ਦੂਰ-ਦੂਰ ਤੱਕ ਲੱਗੇ ਝਟਕੇ

ਮੁੰਬਈ ਦੇ ਭਾਰਤ ਪੈਟਰੋਲੀਅਮ ਪਲਾਂਟ ਨੂੰ ਅੱਗ, 43 ਜ਼ਖ਼ਮੀ, ਦੂਰ-ਦੂਰ ਤੱਕ ਲੱਗੇ ਝਟਕੇ

ਪੂਰਬੀ ਮੁੰਬਈ ਦੇ ਚੈਂਬੂਰ ਇਲਾਕੇ ਦੀ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਰਿਫ਼ਾਈਨਰੀ (ਤੇਲ-ਸੋਧਕ ਕਾਰਖਾਨਾ) `ਚ ਅੱਜ ਅੱਗ ਲੱਗ ਜਾਣ ਕਾਰਨ 43 ਵਿਅਕਤੀ ਜਾਂ ਤਾਂ ਝੁਲਸ ਗਏ ਹਨ ਅਤੇ ਜਾਂ ਭਾਜੜ ਦੌਰਾਨ ਸੱਟਾਂ ਲਵਾ ਬੈਠੇ ਹਨ, ਜਿਨ੍ਹਾਂ `ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।


ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ 6) ਸ਼ਾਹਜੀ ਊਮੈਪ ਨੇ ਦੱਸਿਆ ਕਿ ਜ਼ਖ਼ਮੀਆਂ `ਚੋਂ 22 ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ 21 ਜਣਿਆਂ ਨੂੰ ਚੈਂਬੂਰ ਦੇ ਇਨਲੈਕਸ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਭਾਜੜ ਮੱਚਣ ਕਾਰਨ ਜਿ਼ਆਦਾਤਰ ਲੋਕਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਗੰਭੀਰ ਰੂਪ ਵਿੱਚ ਜ਼ਖ਼ਮੀ ਇੱਕ ਵਿਅਕਤੀ ਇਸ ਵੇਲੇ ਆਈਸੀਯੂ `ਚ ਦਾਖ਼ਲ ਹੈ।


ਇਹ ਖ਼ਬਰ ਲਿਖੇ ਜਾਣ ਤੱਕ ਅੱਗ ਹਾਲੇ ਭਾਵੇਂ ਪੂਰੀ ਤਰ੍ਹਾਂ ਬੁਝੀ ਨਹੀਂ ਸੀ ਪਰ ਉਹ ਕਾਬੂ ਹੇਠ ਸੀ। ਮੁੰਬਈ ਫ਼ਾਇਰ ਬ੍ਰਿਗੇਡ ਨੇ ਤੁਰੰਤ ਸੱਤ ਅੱਗ-ਬੁਝਾਊ ਇੰਜਣ, ਦੋ ਫ਼ੋਮ ਟੈਂਡਰ ਤੇ ਪਾਣੀ ਦੇ ਦੋ ਜੰਬੂ ਟੈਂਕਰ ਭੇਜੇ ਸਨ। ਅੱਗ ਨੂੰ ਹਾਈਡ੍ਰੋਕ੍ਰੈਕਰ ਪਲਾਂਟ ਤੋਂ ਅੱਗੇ ਵਧਣ ਹੀ ਨਹੀਂ ਸੀ ਦਿੱਤਾ ਗਿਆ ਤੇ ਉਹ ਪਲਾਂਟ ਨੂੰ ਠੰਢਾ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।


ਅੱਗ ਲੱਗਣ ਕਾਰਨ ਆਲੇ-ਦੁਆਲੇ ਦਾ ਤਾਪਮਾਨ ਬਹੁਤ ਜਿ਼ਆਦਾ ਵਧ ਗਿਆ ਸੀ, ਇਸੇ ਲਈ ਅੱਗ ਨੂੰ ਕੁਝ ਸੁਰੱਖਿਅਤ ਦੂਰੀ ਤੋਂ ਹੀ ਬੁਝਾਉਣਾ ਪੈ ਰਿਹਾ ਸੀ। ਕੁਝ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਸ ਪਲਾਂਟ ਤੋਂ 4 ਕਿਲੋਮੀਟਰ ਦੀ ਦੂਰੀ ਤੱਕ ਲੋਕਾਂ ਨੇ ਝਟਕੇ ਮਹਿਸੂਸ ਕੀਤੇ। ਚੈਂਬੂਰ ਦੇ ਉੱਤਰ ਵੱਲ ਦਿਓਨਾਰ ਆਬਾਦੀ ਦੇ ਨਿਵਾਸੀਆਂ ਨੂੰ ਅੱਗ ਤੋਂ ਬਾਅਦ ਧਮਾਕੇ ਸੁਣੇ ਤੇ ਧਰਤੀ ਵੀ ਹਿੱਲਦੀ ਮਹਿਸੂਸ ਹੋਈ।


ਇਸੇ ਪਲਾਂਟ ਦੇ ਬਿਲਕੁਲ ਨਾਲ ਹੀ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਬਣਾਈਆਂ 72 ਇਮਾਰਤਾਂ ਹਨ। ਉੱਥੋਂ ਦੇ ਨਾਗਰਿਕਾਂ ਨੇ ਪਲਾਂਟ ਦੇ ਬਾਹਰ ਖਲੋ ਕੇ ਸਰਕਾਰ ਵਿਰੋਧੀ ਨਾਅਰੇ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੇਲ-ਸੋਧਕ ਕਾਰਖਾਨੇ ਕਾਰਨ ਇਸ ਇਲਾਕੇ `ਚ ਪ੍ਰਦੂਸ਼ਣ ਫੈਲ ਰਿਹਾ ਹੈ ਤੇ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire at Mumbai Bharat Petroleum Plant 43 injured