ਦਿੱਲੀ ਦੇ ਪੀਰਾਗੜ੍ਹੀ ਵਿਖੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਫ਼ੈਕਟਰੀ ’ਚ ਭਿਆਨਕ ਅੱਗ ਲੱਗ ਗਈ ਹੈ। ਇਲਾਕੇ ’ਚ ਭਾਜੜਾਂ ਮਚ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਜਦੋਂ ਅੱਗ ਬੁਝਾਉਣ ਲਈ ਇਸ ਫ਼ੈਕਟਰੀ 'ਚ ਪੁੱਜੇ, ਤਾਂ ਇਮਾਰਤ ਦਾ ਇੱਕ ਹਿੱਸਾ ਉਨ੍ਹਾਂ ਦੇ ਉੱਤੇ ਹੀ ਢਹਿ–ਢੇਰੀ ਹੋ ਗਿਆ।
ਇਸ ਕਾਰਨ ਅੱਗ ਬੁਝਾਉਣ ਵਾਲੇ 13 ਕਰਮਚਾਰੀ ਤੇ ਇੱਕ ਹੋਰ ਵਿਅਕਤੀ ਉਸ ਮਲਬੇ ਹੇਠਾਂ ਦਬ ਗਏ। ਇਹ ਖ਼ਬਰ ਲਿਖੇ ਜਾਣ ਤੱਕ 13 ਜਣਿਆਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਪਰ ਅੱਗ–ਬੁਝਾਊ ਅਮਲੇ ਦਾ ਇੱਕ ਕਰਮਚਾਰੀ ਹਾਲੇ ਵੀ ਮਲਬੇ 'ਚ ਫਸਿਆ ਹੋਇਆ ਸੀ।
ਦਰਅਸਲ, ਇਹ ਅੱਗ ਬੈਟਰੀਆਂ ਬਣਾਉਣ ਵਾਲੀ ਇੱਕ ਫ਼ੈਕਟਰੀ ਨੂੰ ਲੱਗੀ ਹੈ, ਜਿੱਥੇ ਰਸਾਇਣਕ ਪਦਾਰਥ ਬਹੁਤ ਜ਼ਿਆਦਾ ਮਾਤਰਾ ’ਚ ਹੁੰਦੇ ਹਨ ਤੇ ਦੂਜੇ ਅੱਗ ਕਾਰਨ ਬੈਟਰੀਆਂ ਲਗਾਤਾਰ ਫਟ ਰਹੀਆਂ ਹਨ।
ਥੋੜ੍ਹੇ–ਥੋੜ੍ਹੇ ਚਿਰ ਬਾਅਦ ਵੱਡੇ ਧਮਾਕੇ ਹੋ ਰਹੇ ਹਨ। ਪਹਿਲੀਆਂ ਰਿਪੋਰਟਾਂ 'ਚ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਕਿ ਉੱਥੇ ਫ਼ੈਕਟਰੀ ਦੇ ਵੀ ਕਈ ਕਰਮਚਾਰੀ ਫਸੇ ਹੋ ਸਕਦੇ ਹਨ। ਫ਼ਾਇਰ ਬ੍ਰਿਗੇਡ ਦੇ ਅਮਲੇ ਵੱਲੋਂ ਰਾਹਤ ਕਾਰਜ ਜਾਰੀ ਹਨ।
ਇਹ ਖ਼ਬਰ ਲਿਖੇ ਜਾਣ ਤੱਕ ਅੱਗ ਹਾਲੇ ਕਾਫ਼ੀ ਫੈਲੀ ਹੋਈ ਸੀ। ਇਸ ਅਗਨੀ–ਕਾਂਡ ਕਾਰਨ ਇਲਾਕੇ ’ਚ ਦਹਿਸ਼ਤ ਪਾਈ ਜਾ ਰਹੀ ਹੈ ਕਿਉਂਕਿ ਬੈਟਰੀਆਂ ਤੇ ਹੋਰ ਸਾਮਾਨ ਬੁੜ੍ਹਕ ਕੇ ਕਾਫ਼ੀ ਦੂਰ ਜਾ ਕੇ ਡਿੱਗ ਰਿਹਾ ਹੈ।
ਇਸ ਲਈ ਲਾਗਲੀਆਂ ਇਮਾਰਤਾਂ ਨੂੰ ਵੀ ਅੱਗ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ।