ਪਾਕਿਸਤਾਨੀ ਰੇਂਜਰਾਂ ਵੱਲੋਂ ਬੀਐੱਸਐੱਫ਼ ਦੇ ਜਵਾਨ ਨਰੇਂਦਰ ਕੁਮਾਰ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਪਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਵੀਰਵਾਰ ਦੇਰ ਸ਼ਾਮੀਂ ਸਾਂਬਾ ਜਿ਼ਲ੍ਹੇ ਦੇ ਰਾਮਗੜ੍ਹ ਸਬ-ਸੈਕਟਰ `ਚ ਭਾਰਤ ਦੀ ਇੱਕ ਮੋਹਰੀ ਚੌਕੀ `ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਖ਼ੁਫ਼ੀਆ ਵਿੰਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ `ਤੇ ਫ਼ਤਵਾਲ ਚੌਕੀ `ਤੇ ਇਹ ਹਮਲਾ ਕੀਤਾ ਗਿਆ ਹੈ। ਦੋਵੇਂ ਪਾਸਿਓਂ ਅੱਠ ਤੋਂ 10 ਰਾਊਂਡ ਗੋਲੀਆਂ ਹੀ ਚੱਲੀਆਂ ਅਤੇ ਉਸ ਤੋਂ ਬਾਅਦ ਸ਼ਾਂਤੀ ਪੱਸਰ ਗਈ।
ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਐੱਸਐੱਫ਼ ਨੂੰ ਹਦਾਇਤ ਕੀਤੀ ਹੈ ਕਿ ਜੇ ਉਹ ਸਰਹੱਦ `ਤੇ ਕਿਤੇ ਵੀ ਕੋਈ ਸ਼ੱਕੀ ਗਤੀਵਿਧੀ ਵੇਖਣ, ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ।
ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਕੋਲ ਸੁਨੇਹਾ ਭੇਜਿਆ ਸੀ ਪਰ ਪਾਕਿਸਤਾਨੀ ਫ਼ੌਜ ਦੀਆਂ ਅਜਿਹੀਆਂ ਹਰਕਤਾਂ ਕਾਰਨ ਹੀ ਨਿਊ ਯਾਰਕ `ਚ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੀ ਆਪਸੀ ਗੱਲਬਾਤ ਵੀ ਰੱਦ ਹੋ ਗਈ ਹੈ; ਜਦ ਕਿ ਉਸ ਗੱਲਬਾਤ ਨੂੰ ਲੈ ਕੇ ਸਮੂਹ ਪੰਜਾਬੀਆਂ `ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਸੀ ਕਿਉਂਕਿ ਉੱਥੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਈ ਲਾਂਘਾ ਖੋਲ੍ਹਣ ਦੇ ਮੁੱਦੇ `ਤੇ ਵੀ ਗੱਲਬਾਤ ਹੋਣੀ ਸੀ।