ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਕੇਂਦਰ ਸਰਕਾਰ ਵੱਲੋਂ ਗਠਤ ਰਾਮ ਜਨਮ–ਭੂਮੀ ਤੀਰਥ–ਖੇਤਰ ਟ੍ਰੱਸਟ ਦੀ ਪਹਿਲੀ ਮੀਟਿੰਗ ਅੱਜ ਸ਼ਾਮੀਂ ਦਿੱਲੀ ’ਚ ਹੋਵੇਗੀ; ਜਿਸ ਵਿੱਚ ਮੰਦਰ ਨਿਰਮਾਣ ਦੀ ਤਰੀਕ ਸਮੇਤ ਕਈ ਵਿਸ਼ਿਆਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਮੀਟਿੰਗ ਮੰਦਰ–ਨਿਰਮਾਣ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ।
ਇੱਕ ਸੂਤਰ ਨੇ ਦੱਸਿਆ ਕਿ ਟ੍ਰੱਸਟ ਦੀ ਪਹਿਲੀ ਮੀਟਿੰਗ ਅੱਜ ਸ਼ਾਮੀਂ ਸੱਦੀ ਗਈ ਹੈ। ਇਸ ਵਿੱਚ ਉਸ ਸੁਝਾਅ ਬਾਰੇ ਚਰਚਾ ਕੀਤੀ ਜਾ ਸਕਦੀ ਹੈ ਕਿ ਕੀ ਆਮ ਜਨਤਾ ਤੋਂ ਸਹਿਯੋਗ–ਰਾਸ਼ੀ ਲੈਣੀ ਚਾਹੀਦੀ ਹੈ ਕਿ ਨਹੀਂ। ਟ੍ਰੱਸਟ ਦੀ ਮੀਟਿੰਗ ਵਿੱਚ ਨੀਂਹ–ਪੱਥਰ ਦੇ ਮਹੂਰਤ ਤੋਂ ਲੈ ਕੇ ਨਿਰਮਾਣ ਮੁਕੰਮਲ ਹੋਣ ਲਈ ਸਮਾਂ–ਸੀਮਾ ਨਿਰਧਾਰਤ ਕਰਨ ਦੇ ਮੁੱਦਿਆਂ ਉੱਤੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਅੱਜ ਦੀ ਮੀਟਿੰਗ ’ਚ ਪਾਰਦਰਸ਼ੀ ਤਰੀਕਿਆਂ ਉੱਤੇ ਖ਼ਾਸ ਧਿਆਨ ਦਿੱਤਾ ਜਾਵੇਗਾ, ਤਾਂ ਜੋ ਭਵਿੱਖ ’ਚ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਬਚਿਆ ਜਾ ਸਕੇ। ਇਸ ਵਿੱਚ ਮੰਦਰ ਦੀ ਉਸਾਰੀ ਦੌਰਨ ਰਾਮਲਲਾ ਰੱਖਣ ਦੇ ਸਥਾਨ ਨੂੰ ਲੈ ਕੇ ਵੀ ਚਰਚਾ ਕੀਤੀ ਜਾ ਸਕਦੀ ਹੈ। ਸੂਤਰਾਂ ਅਨੁਸਾਰ ਮੀਟਿੰਗ ’ਚ ਟ੍ਰੱਸਟ ਦੇ ਹੋਰ ਮੈਂਬਰਾਂ/ਅਹੁਦੇਦਾਰਾਂ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਇੱਥੇ ਵਰਨਣਯੋਗ ਹੈ ਕਿ ਭਾਰਤ ਸਰਕਾਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਲਈ ‘ਸ਼੍ਰੀ ਰਾਮ ਜਨਮ–ਭੂਮੀ ਤੀਰਥ–ਖੇਤਰ ਟ੍ਰੱਸਟ’ ਦੀ ਸਥਾਪਨਾ ਨਾਲ ਸਬੰਧਤ ਗਜ਼ਟ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ। ਚੇਤੇ ਰਹੇ ਕਿ ਸੁਪਰੀਮ ਕੋਰਟ ਵੱਲੋਂ ਰਾਮ ਮੰਦਰ ਦੇ ਹੱਕ ’ਚ ਫ਼ੈਸਲਾ ਦੇਣ ਤੇ ਮੰਦਰ ਦੀ ਉਸਾਰੀ ਲਈ ਟ੍ਰੱਸਟ ਦੇ ਗਠਨ ਦੇ ਹੁਕਮ ਮੁਤਾਬਕ ਕੇਂਦਰ ਸਰਕਾਰ ਨੇ ਬੀਤੀ 5 ਫ਼ਰਵਰੀ ਨੂੰ ਟ੍ਰੱਸਟ ਦਾ ਐਲਾਨ ਕੀਤਾ ਸੀ।
ਰਾਮ ਮੰਦਰ ਲਈ ਨਵੇਂ ਬਣੇ ਟ੍ਰੱਸਟ ਦੇ ਟ੍ਰੱਸਟੀ ਸ਼ੰਕਰਾਚਾਰਿਆ ਵਾਸੂਦੇਵਾਨੰਦ ਨੇ ਬੀਤੇ ਸੋਮਵਾਰ ਅਯੁੱਧਿਆ ’ਚ ਕਿਹਾ ਸੀ ਕਿ ਰਾਮ ਜਨਮ–ਭੂਮੀ ਟ੍ਰੱਸਟ ਦੇ ਖਾਤੇ ’ਚ ਹਾਲੇ ਸਵਾ ਕਰੋੜ ਰੁਪਏ ਦੀ ਰਕਮ ਪਈ ਹੈ। ਇਹ ਰਕਮ ਨਵੇਂ ਟ੍ਰੱਸਟ ਨੂੰ ਦਿੱਤੀ ਜਾਵੇਗੀ।
ਰਾਮ ਜਨਮ–ਭੂਮੀ ਤੀਰਥ–ਖੇਤਰ ਦੀ ਪਹਿਲੀ ਮੀਟਿੰਗ ਨਵੀਂ ਦਿੱਲੀ ’ਚ 19 ਫ਼ਰਵਰੀ ਨੂੰ ਟ੍ਰੱਸਟ ਦੇ ਰਜਿਸਟਰਡ ਦਫ਼ਤਰ ’ਚ ਹੋਵੇਗੀ। ਇਸ ਮੀਟਿੰਗ ’ਚ ਜਾਣ ਤੋਂ ਪਹਿਲਾਂ ਸੋਮਵਾਰ ਨੂੰ ਸ਼ੰਕਰਾਚਾਰਿਆ ਵਾਸੂਦੇਵਾਨੰਦ ਸਰਸਵਤੀ ਅਯੁੱਧਿਆ ਪੁੱਜੇ ਸਨ।