ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ-ਐਨਸੀਆਰ ਦੇ ਇਲਾਕੇ ਚ ਵੀਰਵਾਰ ਨੂੰ ਮਾਨਸੂਨ ਦੇ ਪਹਿਲੇ ਮੀਂਹ ਨੇ ਦਸਤਕ ਦਿੱਤੀ। ਚੰਡੀਗੜ੍ਹ, ਮੋਹਾਲੀ ਚ ਤਾਂ ਸਵੇਰੇ ਤੋਂ ਹੀ ਹਲਕਾ ਮੀਂਹ ਪੈ ਰਿਹਾ ਸੀ ਪਰ ਗੁਰੂਗ੍ਰਾਮ ਅਤੇ ਇਸ ਦੇ ਵਰਗੇ ਗਰਮੀ ਨਾਲ ਭਿੱਜੇ ਨੇੜਲੇ ਸ਼ਹਿਰਾਂ ਚ ਪਏ ਮੀਂਹ ਕਾਰਨ ਲੋਕਾਂ ਨੂੰ ਭਾਰੀ ਗਰਮੀ ਨਾਲ ਵੱਡੀ ਰਾਹਤ ਮਿਲੀ।
ਅੱਜ ਸਵੇਰ ਤੋਂ ਹੀ ਹੁੰਮਸ ਭਰੀ ਧੁੱਪ ਸੀ ਤੇ ਕਿਤੇ ਬੱਦਲ ਦਿੱਖ ਰਹੇ ਸਨ। ਦੁਪਹਿਰ ਬਾਅਦ ਕਈ ਇਲਾਕਿਆਂ ਚ ਮੀਂਹ ਪੈਣ ਕਾਰਨ ਲੋਕਾਂ ਦੇ ਚਿਹਰੇ ਖਿੜ ਗਏ। ਵੀਰਵਾਰ ਨੂੰ ਗੁਰੂਗ੍ਰਾਮ ਦੁਪਹਿਰ ਪੌਣੇ 2 ਵਜੇ ਤੇਜ਼ ਮੀਂਹ ਪਿਆ। ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਤੇ ਹਵਾ ਚ ਆਈ ਹਲਕੀ ਨਮੀ ਨੇ ਠੰਡ ਪਾਉਣ ਦਾ ਵੀ ਕੰਮ ਕੀਤਾ।
ਪੰਜਾਬ ਚ ਮੀਂਹ ਪੈਣ ਦੀ ਗੱਲ ਕਰੀਏ ਤਾਂ ਅਗਲੇ 24 ਤੋਂ 48 ਘੰਟਿਆਂ ਵਿਚਾਲੇ ਭਾਰੀ ਮੀਂਹ ਨਾਲ ਮਾਨਸੂਨ ਸੂਬੇ ਦੇ ਅੰਮ੍ਰਿਤਸਰ, ਬਟਾਲਾ, ਦਸੂਹਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਲੁਧਿਆਣਾ, ਸਮਰਾਲਾ, ਖੰਨਾ, ਨਾਭਾ, ਪਟਿਆਲਾ, ਸਮਾਣਾ, ਰੋਪੜ, ਚੰਡੀਗੜ੍ਹ, ਮੋਹਾਲੀ, ਖਰੜ, ਆਨੰਦਪੁਰ ਸਾਹਿਬ, ਸਰਹੰਦ ਦੇ ਇਲਾਕਿਆਂ ਚ ਦਸਤਕ ਦੇਣ ਦੀ ਗੱਲ ਕਹੀ ਗਈ ਹੈ ਹਾਲਾਂਕਿ ਇਸ ਵਾਰ ਮਾਨਸੂਨ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਘੱਟ ਰਹਿਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਫਿਰੋਜ਼ਪੁਰ, ਅਬੋਹਰ, ਮਾਨਸਾ, ਬਰਨਾਲਾ, ਜਲਾਲਾਬਾਦ, ਮੁਕਤਸਰ, ਬਠਿੰਡਾ ਸਹਿਤ ਬਾਕੀ ਰਹਿੰਦੇ ਹਿੱਸਿਆਂ ਚ ਠੰਢੀਆਂ ਹਵਾਂਵਾਂ ਤੇ ਹਲਕੇ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ ਪਰ ਮਾਨਸੂਨ ਦੇ ਮੀਂਹ ਲਈ ਪੰਜਾਬ ਦੇ ਇਨ੍ਹਾਂ ਹਿੱਸਿਆਂ ਨੂੰ ਕਈ ਹੋਰ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲਾਂਕਿ ਜੁਲਾਈ ਮਹੀਨੇ ਸੂਬੇ ਚ ਭਾਰੀ ਮਾਨਸੂਨੀ ਮੀਂਹ ਪੈਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਪਹਿਲਾਂ ਲਗਾਏ ਅੰਦਾਜ਼ੇ ਮੁਤਾਬਕ ਵੀਰਵਾਰ ਨੂੰ ਮੀਂਹ ਹੋਣ ਦੀ ਸੰਭਾਵਨਾ ਪ੍ਰਗਟਾਈ ਸੀ। ਵੀਰਵਾਰ ਨੂੰ ਮੀਂਹ ਪੈਣ ਮਗਰੋਂ ਵੱਧ ਤੋਂ ਵੱਧ ਤਾਪਮਾਨ ਚ ਗਿਰਾਵਟ ਆਉਣਾ ਲਾਜ਼ਮੀ ਹੈ। ਮੌਸਮ ਵਿਭਾਗ ਮੁਤਾਬਕ 6 ਤੇ 7 ਜੁਲਾਈ ਨੂੰ ਵੀ ਭਾਰੀ ਮੀਂਹ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ।
.