ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਸਮੁੱਚਾ ਦੇਸ਼ ਕਰਦਾ ਰਿਹਾ ਹੈ। ਅਯੁੱਧਿਆ ਸ਼ਹਿਰ ਨੂੰ ਭਗਵਾਨ ਸ੍ਰੀਰਾਮ ਦੀ ਜਨਮ–ਭੂਮੀ ਮੰਨਿਆ ਜਾਂਦਾ ਹੈ। ਹਿੰਦੂ ਭਾਈਚਾਰੇ ਦਾ ਦਾਅਵਾ ਹੈ ਕਿ ਇੱਥੇ ਪਹਿਲਾਂ ਮੰਦਰ ਸੀ; ਜਿਸ ਨੂੰ ਤੋੜ ਕੇ ਮਸਜਿਦ ਬਣਵਾਈ ਗਈ।
ਪਰ ਮਸਲਿਮ ਭਾਈਚਾਰੇ ਦਾ ਦਾਅਵਾ ਇਸ ਤੋਂ ਉਲਟ ਹੈ। ਹਾਲੇ ਤੱਕ ਇਹੋ ਪਤਾ ਨਹੀਂ ਚੱਲ ਸਕਿਆ ਸੀ ਕਿ ਕੌਣ ਸਹੀ ਤੇ ਕੌਣ ਨਹੀਂ। ਇਹ ਮੰਨਿਆ ਜਾਂਦਾ ਹੈ ਕਿ ਭਾਰਤ ’ਚ ਪਹਿਲੇ ਮੁਗ਼ਲ ਹਾਕਮ ਬਾਬਰ ਦੇ ਫ਼ੌਜੀ ਜਰਨੈਲ ਮੀਰ ਬਾਕੀ ਨੇ ਅਯੁੱਧਿਆ ’ਚ ਮਸਜਿਦ ਦੀ ਉਸਾਰੀ ਕੀਤੀ ਸੀ; ਜਿਸ ਨੂੰ ਬਾਬਰੀ ਮਸਜਿਦ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।
ਇਸ ਮਸਜਿਦ ਦੀ ਉਸਾਰੀ ਮੀਰ ਬਾਕੀ ਨੇ ਬਾਦਸ਼ਾਹ ਬਾਬਰ ਦੇ ਨਾਂਅ ’ਤੇ ਕਰਵਾਈ ਸੀ। ਬਾਬਰ 1526 ਈ. ਵਿੱਚ ਭਾਰਤ ਆਇਆ ਸੀ। 1528 ਤੱਕ ਉਸ ਦਾ ਸਾਮਰਾਜ ਅਵਧ (ਮੌਜੂਦਾ ਅਯੁੱਧਿਆ) ਤੱਕ ਪੁੱਜ ਗਿਆ। ਉਸ ਤੋਂ ਬਾਅਦ ਲਗਭਗ ਤਿੰਨ ਸਦੀਆਂ ਤੱਕ ਦੇ ਇਸ ਦੇ ਇਤਿਹਾਸ ਦੀ ਜਾਣਕਾਰੀ ਕਿਸੇ ਵੀ ਸਰੋਤ ਰਾਹੀਂ ਮੌਜੂਦ ਨਹੀਂ ਹੈ।
6 ਦਸੰਬਰ, 1992 ਨੂੰ ਬਾਬਰੀ ਮਸਜਿਦ ਨੂੰ ਕਾਰ–ਸੇਵਕਾਂ ਦੀ ਇੱਕ ਵੱਡੀ ਭੀੜ ਨੇ ਢਾਹ ਦਿੱਤਾ ਸੀ। ਉਸ ਤੋਂ ਬਾਅਦ ਜ਼ਮੀਨ ਦੇ ਮਾਲਕਾਨਾ ਹੱਕ ਨਾਲ ਜੁੜਿਆ ਮਾਮਲਾ ਅਲਾਹਾਬਾਦ ਹਾਈ ਕੋਰਟ ਵਿੱਚ ਦਾਇਰ ਹੋਇਆ ਸੀ। ਬਾਬਰੀ ਮਸਜਿਦ ਢਹਿਣ ਨਾਲ ਕਈ ਥਾਵਾਂ ’ਤੇ ਦੰਗੇ ਭੜਕ ਗਏ ਸਨ। ਇਸ ਮਾਮਲੇ ਕਾਰਨ ਲਗਭਗ 2,000 ਵਿਅਕਤੀ ਮਾਰੇ ਜਾ ਚੁੱਕੇ ਹਨ।
ਇੱਥੇ ਵਰਨਣਯੋਗ ਹੈ ਕਿ ਅਯੁੱਧਿਆ ਮੰਦਰ–ਮਸਜਿਦ ਮੁੱਦੇ ਨੂੰ ਲੈ ਕੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਪਹਿਲੀ ਵਾਰ 1853 ’ਚ ਦੰਗੇ ਭੜਕੇ ਸਨ। ਉਦੋਂ ਨਿਰਮੋਹੀ ਅਖਾੜਾ ਨੇ ਢਾਂਚੇ ਉੱਤੇ ਦਾਅਵਾ ਪੇਸ਼ ਕਰਦਿਆਂ ਕਿਹਾ ਸੀ ਕਿ ਜਿਸ ਥਾਂ ਉੱਤੇ ਮਸਜਿਦ ਹੈ, ਉੱਥੇ ਪਹਿਲਾਂ ਇੱਕ ਮੰਦਰ ਹੁੰਦਾ ਸੀ। ਅਖਾੜਾ ਦਾ ਦੋਸ਼ ਹੈ ਕਿ ਬਾਬਰ ਦੀ ਹਕੂਮਤ ਵੇਲੇ ਮੰਦਰ ਢਾਹਿਆ ਗਿਆ ਸੀ। ਉਦੋਂ 2 ਸਾਲਾਂ ਤੱਕ ਹਿੰਸਾ ਭੜਕਦੀ ਰਹੀ ਸੀ।
ਫ਼ੈਜ਼ਾਬਾਦ ਜ਼ਿਲ੍ਹਾ ਗ਼ਜ਼ਟ 1905 ਮੁਤਾਬਕ 1855 ਤੱਕ ਹਿੰਦੂ ਤੇ ਮੁਸਲਿਮ ਦੋਵੇਂ ਇੱਕੋ ਥਾਂ ਉੱਤੇ ਇਸੇ ਢਾਂਚੇ ਵਿੱਚ ਪੂਜਾ ਜਾਂ ਇਬਾਦਤ ਕਰਦੇ ਰਹੇ ਸਨ।