ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹਿਰਾਸਤ 'ਚ ਲਏ ਗਏ 5 ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਕੀਤੇ ਗਏ ਆਗੂਆਂ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਦੋ ਸਾਬਕਾ ਵਿਧਾਇਕ, ਨੈਸ਼ਨਲ ਕਾਨਫਰੰਸ ਦੇ ਦੋ ਸਾਬਕਾ ਵਿਧਾਇਕ ਅਤੇ ਇੱਕ ਆਜ਼ਾਦ ਵਿਧਾਇਕ ਸ਼ਾਮਿਲ ਹੈ। ਇਹ ਸਾਰੇ ਆਗੂ ਸੂਬੇ 'ਚ ਧਾਰਾ 370 ਹਟਾਏ ਜਾਣ ਦਾ ਵਿਰੋਧ ਕਰ ਰਹੇ ਸਨ। ਉੱਥੇ ਹੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨੂੰ ਹਾਲੇ ਵੀ ਹਿਰਾਸਤ 'ਚ ਰੱਖਿਆ ਗਿਆ ਹੈ।
ਇਨ੍ਹਾਂ ਆਗੂਆਂ 'ਚ ਇਸ਼ਫਾਕ ਜੱਬਾਰ, ਗੁਲਾਮ ਨਬੀ ਭੱਟ (ਨੈਸ਼ਨਲ ਕਾਨਫਰੰਸ), ਬਸ਼ੀਰ ਮੀਰ (ਕਾਂਗਰਸ), ਜਹੂਰ ਮੀਰ ਅਤੇ ਯਾਸਿਰ ਰੇਸ਼ੀ (ਪੀਡੀਪੀ) ਸ਼ਾਮਿਲ ਹਨ। ਇਨ੍ਹਾਂ ਆਗੂਆਂ ਨੂੰ ਬੀਤੀ 5 ਅਗੱਸਤ ਨੂੰ ਸੂਬਾ ਪ੍ਰਸ਼ਾਸਨ ਨੇ ਉਸ ਸਮੇਂ ਹਿਰਾਸਤ 'ਚ ਲਿਆ ਸੀ ਜਦੋਂ ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਦਾ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਘਾਟੀ 'ਚ ਐਤਵਾਰ ਨੂੰ ਵੀ ਪੀਡੀਪੀ ਨੇ ਜੰਮੂ-ਕਸ਼ਮੀਰ ਦੇ ਸਿਆਸੀ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ ਸੀ ਅਤੇ ਪਾਰਟੀ ਲਗਾਤਾਰ ਇਸ ਗੱਲ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਸੀ। ਪੀਡੀਪੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ ਮੌਜੂਦਾ ਹਾਲਾਤ ਠੀਕ ਨਹੀਂ ਹਨ ਅਤੇ ਲੋਕਤੰਤਰ ਨੂੰ ਕਮਜੋਰ ਕਰ ਰਹੇ ਹਨ। ਪੀਡੀਪੀ ਨੇ ਇਸ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ ਸੀ।