ਉੱਤਰ ਪ੍ਰਦੇਸ਼ ਵਿੱਚ ਧੀ ਦੀ ਚੌਥੀ ਲੈ ਕੇ ਪਿੰਡ ਪਰਤ ਰਿਹਾ ਪਰਿਵਾਰ ਅੱਜ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਬੇਲਾ ਮੋੜ ਉੱਤੇ ਤੇਜ਼ ਰਫ਼ਤਾਰ ਚੌਪਹੀਆ ਵਾਹਨ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਲਾੜੀ ਸਮੇਤ ਅੱਠ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਹੁਸੇਨਗੰਜ ਥਾਣਾ ਖੇਤਰ ਦੇ ਗੋਪੀਪੁਰ ਪਿੰਡ ਦੇ ਨਿਵਾਸੀ ਰਮੇਸ਼ ਦੀ ਭਤੀਜੀ ਵਿਮਲਾ ਦਾ ਵਿਆਹ ਕੁਝ ਦਿਨ ਪਹਿਲਾਂ ਹਥਗਾਮ ਥਾਣਾ ਇਲਾਕੇ ਦੇ ਨੌਰੰਗਾਬਾਦ ਨਿਵਾਸੀ ਧਰਮ ਨਾਲ ਹੋਇਆ ਸੀ। ਐਤਵਾਰ ਨੁੰ ਭਤੀਜੀ ਦੀ ਚੌਥੀ ਲੈਣ ਲਈ ਰਮੇਸ਼ ਆਪਣੇ ਪਰਿਵਾਰ ਨਾਲ ਨੌਰੰਗਾਬਾਦ ਗਏ ਸਨ।
ਭਿਆਨਕ ਟੱਕਰ ਵਿੱਚ ਰਮੇਸ਼ ਦੇ ਨਾਲ ਵਾਹਨ ਸਵਾਰ ਉਨ੍ਹਾਂ ਦੀਆਂ ਧੀਆਂ ਸੋਨਮ, ਆਰਤੀ, ਪਟੂ ਤੇ ਇੱਕ ਹੋਰ ਰਿਸ਼ਤੇਦਾਰ ਨੇਹਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜ਼ਖ਼ਮੀ ਲਾੜੀ ਸਮੇਤ ਅੱਠ ਜਣਿਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਂਦਾ ਗਿਆ ਹੈ, ਜਿੱਥੇ ਛੇ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਕਾਨਪੁਰ ਰੈਫ਼ਰ ਕਰ ਦਿੱਤਾ ਗਿਆ ਹੈ।