ਜੰਮੂ-ਕਸ਼ਮੀਰ ਦੇ ਰਿਆਸੀ ਜਿਲ੍ਹੇ ਚ ਬਾਬਾ ਸਿਹਰ ਸੈਲਾਨੀ ਇਲਾਕੇ 'ਚ ਇੱਕ ਝਰਨੇ ਥੱਲੇ ਨਹਾ ਰਹੇ ਲੋਕਾਂ ਤੇ ਪਹਾੜ ਡਿੱਗਣ ਨਾਲ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 25 ਲੋਕ ਜ਼ਖ਼ਮੀ ਹੋ ਗਏ। ਰਿਆਸੀ ਦੇ ਸੀਨੀਅਰ ਪੁਲਿਸ ਅਧਿਕਾਰੀ ਤਾਹੀਰ ਸਜਾਦ ਭੱਟ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ 14 ਲੋਕਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ 'ਚ ਭਰਤੀ ਕਰਾਇਆ ਗਿਆ ਹੈ ਜਦਕਿ ਹੋਰਨਾਂ ਨੂੰ ਜਿਲ੍ਹਾ ਹਸਪਤਾਲ ਰਿਆਸੀ ਵਿਖੇ ਜੇਰੇ ਇਲਾਜ ਹਨ। ਮਲਬੇ 'ਚੋਂ ਲਾਸ਼ਾਂ ਕੱਢ ਕੇ ਉਨ੍ਹਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ਦੁਪਹਿਰ ਲਗਭਗ ਸਾਢੇ ਤਿੰਨ ਵਜੇ ਵਾਪਰੀ। ਉੱਤਰ ਭਾਰਤ ਦੇ ਵੱਡੇ ਕੁਦਰਤੀ ਸੋਮਿਆਂ 'ਚ ਸ਼ਾਮਲ ਇਹ ਸਿਹਰ ਬਾਬਾ ਵਾਟਰਫਾਲ ਛੁੱਟੀਆਂ ਮਨਾਉਣ ਵਾਲਿਆਂ ਲਈ ਕਾਫੀ ਮਸ਼ਹੂਰ ਹੈ।
ਭੱਟ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਪਹਾੜ ਤੋਂ ਵੱਖ ਹੋਇਆ ਇੱਕ ਸਿਰਾ ਝਰਨੇ 'ਚ ਡਿੱਗਿਆ। ਸਿੱਟੇ ਵਜੋਂ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 25 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਪਹਾੜ ਦੇ ਟੁੱਟੇ ਸਿਰੇ ਨਾਲ ਆਏ ਮਲਬੇ ਥੱਲੇ ਵਧੇਰੇ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
ਦੱਸਣਯੋਗ ਹੇ ਕਿ ਰਿਆਸੀ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਇਹ ਸਿਹਰ ਬਾਬਾ ਝਰਨਾ ਚਿਨਾਬ ਨਦੀ 'ਤੇ ਸਥਿੱਤ ਹੈ।