ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੀ ਕਰਜਤ ਜੇਲ ਤੋਂ 5 ਕੈਦੀ ਫਰਾਰ ਹੋ ਗਏ ਹਨ। ਰਿਪੋਰਟ ਅਨੁਸਾਰ ਇਹ ਪੰਜੇ ਕੈਦੀ ਜੇਲ ਦੀ ਛੱਤ ਤੋੜ ਕੇ ਫਰਾਰ ਹੋ ਗਏ। ਇਸ ਘਟਨਾ ਨੇ ਜੇਲ ਪ੍ਰਸ਼ਾਸਨ ਵਿੱਚ ਤਰਥੱਲੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੰਜੇ ਮੁਲਜ਼ਮ ਵੱਖ-ਵੱਖ ਮਾਮਲਿਆਂ ਵਿੱਚ ਜੇਲ 'ਚ ਬੰਦ ਸਨ। ਜਿਵੇਂ ਹੀ ਜੇਲ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਮੁਲਜ਼ਮ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਨੁਸਾਰ ਮੁਲਜ਼ਮ ਨੇ ਜੇਲ ਦੀ ਲੱਕੜ ਵਾਲੀ ਛੱਤ ਤੋੜ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਫਰਾਰ ਦੋਸ਼ੀਆਂ ਨੂੰ ਫੜਨ ਲਈ 5 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਫਰਾਰ ਹੋਏ ਕੈਦੀਆਂ ਵਿਚ ਗਿਆਨੇਸ਼ਵਰ ਤੂਕਾਰਾਮ ਕੋਲਹੇ ਆਰਮਜ਼ ਐਕਟ ਦਾ ਦੋਸ਼ੀ, ਅਕਸ਼ੇ ਰਾਮਦਾਸ ਰਾਉਤ ਕਤਲ ਦਾ ਦੋਸ਼ੀ, ਮੋਹਨ ਕੁੰਡਲਿਕ ਭੋਰੇ ਕਤਲ ਦਾ ਦੋਸ਼ੀ, ਚੰਦਰਕਾਂਤ ਮਹਾਦੇਵ ਰਾਉਤ ਕਤਲ ਦਾ ਦੋਸ਼ੀ ਅਤੇ ਲਕਸ਼ਮਣ ਜਗਤਾਪ ਬਲਾਤਕਾਰ ਦਾ ਦੋਸ਼ੀ ਹੈ।
ਦੱਸ ਦੇਈਏ ਕਿ ਅਜਿਹੀ ਹੀ ਇੱਕ ਘਟਨਾ ਇਸ ਸਾਲ ਫਰਵਰੀ 'ਚ ਉੱਚ ਸੁਰੱਖਿਆ ਵਾਲੀ ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਵੀ ਵਾਪਰੀ ਸੀ। ਇੱਥੋਂ ਤਿੰਨ ਕੈਦੀ ਜੇਲ ਤੋੜ ਕੇ ਫਰਾਰ ਹੋ ਗਏ ਸਨ। ਦੱਸਿਆ ਗਿਆ ਸੀ ਕਿ 16 ਫੁੱਟ ਉੱਚੀ ਜੇਲ ਦੀ ਕੰਧ ਇੱਕ-ਦੂਜੇ ਦੇ ਉੱਪਰ ਚੜ੍ਹ ਕੇ ਟੱਪੀ ਸੀ। ਜਦਕਿ ਲਗਭਗ 21 ਫੁੱਟ ਉੱਚੀ ਬਾਹਰਲੀ ਕੰਧ ਨੂੰ ਸਟੀਲ ਦੇ ਡੰਡੇ ਅਤੇ ਗੱਦਿਆਂ ਦੇ ਕਵਰ ਨਾਲ ਹੁੱਕ ਬਣਾ ਕੇ ਟੱਪਿਆ ਸੀ।