ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਅੱਜ (ਸ਼ਨੀਵਾਰ) ਨੂੰ ਹੋਣ ਵਾਲੀ ਨੀਤੀ ਕਮਿਸ਼ਨ ਸੰਚਾਲਨ ਪਰਿਸ਼ਦ ਦੀ ਮੀਟਿੰਗ ਵਿਚ ਸਭ ਦੀਆਂ ਨਜ਼ਰਾਂ ਵਿਰੋਧੀ ਵਿਧਰ ਦੇ ਰੁਖ ਉਤੇ ਹੋਵੇਗੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੀਟਿੰਗ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਹੈ। ਜਦੋਂਕਿ ਕਾਂਗਰਸ ਦੀ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਕਈ ਮੁੱਦਿਆਂ ਉਤੇ ਕੇਂਦਰ ਨੂੰ ਘੇਰਨ ਦੀ ਤਿਆਰੀ ਵਿਚ ਹਨ। ਆਂਧਰਾ ਪ੍ਰਦੇਸ਼, ਉੜੀਸਾ, ਬਿਹਾਰ ਦੇ ਮੁੱਖ ਮੰਤਰੀ ਆਪਣੇ ਸੂਬਿਆਂ ਲਈ ਵਿਸ਼ੇਸ਼ ਦਰਜਾ ਦੇਣ ਦੀ ਮੰਗ ਉਠਾ ਸਕਦੇ ਹਨ। ਮੀਟਿੰਗ ਵਿਚ ਸਰਕਾਰ ਆਪਣੀਆਂ ਯੋਜਨਾਵਾਂ ਦਾ ਖਾਕਾ ਪੇਸ਼ ਕਰੇਗੀ।
ਨੀਤੀ ਕਮਿਸ਼ਨ ਦੀ ਅਗਵਾਈ ਵਿਚ ਕਈ ਯੋਜਨਾਵਾਂ ਦੀ ਦਿਸ਼ਾ ਤੈਅ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਉਨ੍ਹਾਂ ਸਾਰੇ ਮੁੱਦਿਆਂ ਉਤੇ ਚਰਚਾ ਹੋਵੇਗੀ। ਮੀਟਿੰਗ ਵਿਚ ਸੂਬਿਆਂ ਦੇ ਮੁੱਖ ਮੰਤਰੀ, ਕੇਂਦਰ ਸਾਸਤ ਪ੍ਰਦੇਸ਼ਾਂ ਦੇ ਲੈਫਟੀਨੈਟ ਗਵਰਨਰ, ਰੱਖਿਆ ਮੰਤਰੀ, ਗ੍ਰਹਿ ਮੰਤਰੀ, ਵਿੱਤ ਮੰਤਰੀ ਤੋਂ ਇਲਾਵਾ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਮੌਜੂਦ ਰਹਿਣਗੇ। ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਤੇਲਗਾਨਾ, ਆਂਧਰਾ ਪ੍ਰਦੇਸ਼, ਉੜੀਸਾ ਸਮੇਤ ਜ਼ਿਆਦਾਤਰ ਸੂਬਿਆਂ ਦੇ ਮੁੱਖ ਮੰਤਰੀ ਮੀਟਿੰਗ ਵਿਚ ਸ਼ਾਮਲ ਹੋਣਗੇ।