ਚਾਰਾ ਘੁਟਾਲਾ ਮਾਮਲੇ ਵਿੱਚ ਜੇਲ੍ਹ 'ਚ ਬੰਦ ਲਾਲੂ ਪ੍ਰਸਾਦ ਦੀ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਇਸ ਲਈ, ਹਾਈ ਕੋਰਟ ਨੇ ਸੀਬੀਆਈ ਨੂੰ 5 ਜੁਲਾਈ ਤੱਕ ਜਵਾਬ ਦੇਣ ਲਈ ਸਮਾਂ ਦਿੱਤਾ ਹੈ।
ਦੇਵਘਰ ਖਜ਼ਾਨੇ ਤੋਂ ਪਸ਼ੂ ਚਾਰੇ ਦੇ ਨਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਨਕਦੀ ਕੱਢਣ ਦੇ ਮਾਮਲੇ ਵਿੱਚ ਲਾਲੂ ਯਾਦਵ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਲਾਲੂ ਯਾਦਵ ਨੇ ਅੱਧੀ ਸਜ਼ਾ ਕੱਟ ਲੈਣ ਨੂੰ ਆਧਾਰ ਬਣਾਇਆ ਹੈ।
ਦੱਸਣਯੋਗ ਹੈ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੇ ਚਾਰਾ ਘੁਟਾਲੇ ਦੇ ਦੇਵਘਰ ਖ਼ਜ਼ਾਨੇ ਤੋਂ ਗ਼ੈਰ ਕਾਨੂੰਨੀ ਨਿਕਾਸੀ ਮਾਮਲੇ ਵਿੱਚ ਹਾਈ ਕੋਰਟ ਵਿੱਚ 13 ਜੂਨ ਨੂੰ ਜ਼ਮਾਨਤ ਦਾਇਰ ਕੀਤੀ ਸੀ।
ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸੀਬੀਆਈ ਨੇ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿੱਚ ਉਹ ਡੇਢ ਸਾਲ ਤੋਂ ਜੇਲ੍ਹ ਵਿੱਚ ਹਨ। ਕਰੀਬ ਅੱਧੀ ਸਜ਼ਾ ਕੱਟ ਚੁੱਕੇ ਹਨ। ਲਾਲੂ ਪ੍ਰਸਾਦ ਨੇ ਇਸੇ ਆਧਾਰ 'ਤੇ ਜ਼ਮਾਨਤ ਲੈਣ ਲਈ ਪਟੀਸ਼ਨ ਦਾਇਰ ਕੀਤੀ ਹੈ।
ਇਸੇ ਕੇਸ ਵਿੱਚ ਸੀਬੀਆਈ ਵੱਲੋਂ ਪਹਿਲਾਂ ਹੀ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੀ ਬੀ ਆਈ ਅਦਾਲਤ ਨੇ ਚਾਰਾ ਘੁਟਾਲੇ ਮਾਮਲੇ ਵਿੱਚ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ, ਜੋ ਘੱਟ ਹੈ। ਇਸ ਮਾਮਲੇ ਦੇ ਹੋਰ ਦੋਸ਼ੀਆਂ ਨੂੰ ਪੰਜ ਸਾਲ ਤੱਕ ਸਜ਼ਾ ਸੁਣਾਈ ਗਈ ਹੈ। ਸੀ.ਬੀ.ਆਈ. ਨੇ ਹਾਈ ਕੋਰਟ ਨੂੰ ਲਾਲੂ ਪ੍ਰਸਾਦ ਦੀ ਸਜ਼ਾ ਵਧਾਉਣ ਦੀ ਅਪੀਲ ਕੀਤੀ ਹੈ। ਸੀ ਬੀ ਆਈ ਦੀ ਪਟੀਸ਼ਨ ਅਜੇ ਵੀ ਪੈਂਡਿੰਗ ਹੈ ਅਤੇ ਇਸ ਉੱਤੇ ਸੁਣਵਾਈ ਨਹੀਂ ਹੋਈ ਹੈ।