25 ਵਿਦੇਸ਼ੀ ਕੂਟਨੀਤਕਾਂ ਦਾ ਇੱਕ ਵਫ਼ਦ ਅੱਜ ਦੂਜੇ ਦਿਨ ਵੀਰਵਾਰ ਨੂੰ ਜੰਮੂ ਪੁੱਜਾ। ਉਨ੍ਹਾਂ ਜੰਮੂ–ਕਸ਼ਮੀਰ ਹਾਈ ਕੋਰਟ ਦੇ ਚੀਫ਼ ਜਸਟਿਸ ਗੀਤਾ ਮਿੱਤਲ ਨਾਲ ਮੁਲਾਕਾਤ ਕੀਤੀ। ਵਫ਼ਦ ਦੇ ਮੈਂਬਰ ਪਹਿਲਾਂ ਜੰਮੂ ’ਚ ਫ਼ੌਜੀ ਅਧਿਕਾਰੀਆਂ ਨੂੰ ਵੀ ਮਿਲੇ। ਉਨ੍ਹਾਂ ਕੱਲ੍ਹ ਵੀ ਕਸ਼ਮੀਰ ਵਾਦੀ ਦੇ ਹਾਲਾਤ ਦਾ ਜਾਇਜ਼ਾ ਲਿਆ ਸੀ।
ਦਰਅਸਲ, ਵਿਦੇਸ਼ੀ ਵਫ਼ਦ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਕਸ਼ਮੀਰ ਵਾਦੀ ਦੇ ਹਾਲਾਤ ਨੂੰ ਸਮਝ ਰਹੇ ਹਨ। ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਤੋਂ ਬਾਅਦ ਦੇ ਹਾਲਾਤ ਦੀ ਅਸਲੀਅਤ ਦਾ ਜਾਇਜ਼ਾ ਲੈਣ ਲਈ ਵਿਦੇਸ਼ੀ ਕੂਟਨੀਤਕਾਂ ਦਾ ਵਫ਼ਦ ਕੱਲ੍ਹ ਬੁੱਧਵਾਰ ਨੂੰ ਸ੍ਰੀਨਗਰ ਪੁੱਜਾ ਸੀ।
ਦੋ ਦਿਨਾਂ ਦੀ ਯਾਤਰਾ ’ਤੇ ਪੁੱਜੇ ਇਸ ਵਫ਼ਦ ਵਿੱਚ ਯੂਰੋਪੀਅਨ ਯੂਨੀਅਨ, ਦੱਖਣੀ ਅਮਰੀਕਾ ਤੇ ਖਾੜੀ ਦੇਸ਼ਾਂ ਦੇ 25 ਕੂਟਨੀਤਕ ਸ਼ਾਮਲ ਹਨ। ਉਨ੍ਹਾਂ ਦਾ ਕੱਲ੍ਹ ਕਸ਼ਮੀਰ ਵਾਦੀ ਦੇ ਸ਼ਹਿਰ ਬਾਰਾਮੂਲਾ ਜਾਣ ਦਾ ਵੀ ਪ੍ਰੋਗਰਾਮ ਸੀ ਪਰ ਉੱਥੇ ਮੌਸਮ ਖ਼ਰਾਬ ਹੋਣ ਕਾਰਨ ਉਹ ਸਿਰਫ਼ ਸ੍ਰੀਨਗਰ ਦੀ ਡੱਲ ਝੀਲ ’ਚ ਸ਼ਿਕਾਰਿਆਂ ਦੀ ਹੀ ਸੈਰ ਕਰ ਸਕੇ।
ਦੁਪਹਿਰ ਤੋਂ ਬਾਅਦ ਵਫ਼ਦ ਨੇ ਸ੍ਰੀਨਗਰ ਦੇ ਵਪਾਰੀਆਂ ਤੇ ਉੱਦਮੀਆਂ ਨਾਲ ਕਸ਼ਮੀਰ ਬਾਰੇ ਚਰਚਾ ਕੀਤੀ। ਸਿਆਸੀ ਪਾਰਟੀਆਂ ਦਾ ਦਲ ਬੁੱਧਵਾਰ ਸਵੇਰੇ 11 ਵਜੇ ਸ੍ਰੀਨਗਰ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਉੱਤਰਿਆ ਸੀ। ਸਖ਼ਤ ਸੁਰੱਖਿਆ ਇੰਤਜ਼ਾਮਾਂ ਦੌਰਾਨ ਉਨ੍ਹਾਂ ਨੂੰ ਡੱਲ ਝੀਲ ਕੰਢੇ ’ਤੇ ਸਥਿਤ ਗ੍ਰੈਂਡ ਲਲਿਤ ਹੋਟਲ ਪਹੁੰਚਾਇਆ ਗਿਆ।
ਕੁਝ ਦੇਰ ਉੱਥੇ ਰੁਕਣ ਤੋਂ ਬਾਅਦ ਵਿਦੇਸ਼ੀ ਵਫ਼ਦ ਡੱਲ ਝੀਲ ’ਤੇ ਗਿਆ ਤੇ ਸ਼ਿਕਾਰਿਆਂ ਦੀ ਸੈਰ ਕੀਤੀ। ਫਿਰ ਸ਼ਾਮੀਂ ਉਨ੍ਹਾਂ ਨੇ ਕਸ਼ਮੀਰ ਵਾਦੀ ਦੇ 40 ਦੇ ਲਗਭਗ ਵਫ਼ਦਾਂ ਨਾਲ ਮੁਲਾਕਾਤ ਕੀਤੀ।
ਇਸ ਵਿਦੇਸ਼ੀ ਵਫ਼ਦ ’ਚ ਜਰਮਨੀ, ਆਸਟ੍ਰੀਆ, ਨੀਦਰਲੈਂਡ, ਇਟਲੀ, ਹੰਗਰੀ, ਚੈੱਕ ਗਣਰਾਜ, ਬਲਗਾਰੀਆ ਜਿਹੇ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ, ਅਫ਼ਗ਼ਾਨਿਸਤਾਨ, ਮੈਕਸੀਕੋ, ਕੈਨੇਡਾ, ਡੌਮਿਨੀਕਨ ਗਣਰਾਜ, ਨਿਊ ਜ਼ੀਲੈਂਡ, ਕਿਰਗਿਜ਼ਸਤਾਨ, ਉਜ਼ਬੇਕਿਸਤਾਨ, ਤਾਜਿਕਸਤਾਨ, ਯੂਗਾਂਡਾ ਤੇ ਰਵਾਂਡਾ ਦੇ ਪ੍ਰਤੀਨਿਧ ਸ਼ਾਮਲ ਹਨ।