ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਭਾਰਤ 'ਚ ਹੁਣ ਤਕ 126 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਰਣ ਲਈ ਸੂਬਾ ਸਰਕਾਰ ਨੇ ਸਾਰੇ ਸਕੂਲ, ਜਿੰਮ, ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਦਿੱਲੀ ਦੇ ਸਾਰੇ ਗੁਰਦੁਆਰਿਆਂ 'ਚ ਅਗਲੇ ਆਦੇਸ਼ ਤਕ ਵਿਦੇਸ਼ੀ ਸੈਲਾਨੀਆਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦੇਸ਼ੀ ਸ਼ਰਧਾਲੂ ਪਿਛਲੇ 15 ਦਿਨਾਂ 'ਚ ਵਿਦੇਸ਼ ਤੋਂ ਆਏ ਹਨ, ਉਨ੍ਹਾਂ ਦੀ ਗੁਰਦੁਆਰਾ ਸਾਹਿਬ 'ਚ ਐਂਟਰੀ ਨਹੀਂ ਹੋਵੇਗੀ।
With the coronavirus outbreak gradually building up in India, DSGMC has initiated a series of precautionary measures in line with govt advisories
— Manjinder S Sirsa (@mssirsa) March 16, 2020
Foreigners who have stayed in India for more than 15 days will be allowed entry to Gurdwara Sahib@ANI @PTI_News @thetribunechd pic.twitter.com/QNFN1y9idk
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ 'ਚ ਰੁਮਾਲੇ ਵੀ ਨਹੀਂ ਦਿੱਤੇ ਜਾਣਗੇ। ਸ਼ਰਧਾਲੂ ਆਪਣੇ ਘਰੋਂ ਰੁਮਾਲੇ ਲੈ ਕੇ ਆਉਣ। ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਭੋਗ ਮਗਰੋਂ ਮਨੁੱਖਤਾ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਾ ਸਾਹਿਬਾਨ ਅੰਦਰ ਅੱਜ 17 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ ਅਤੇ ਭੋਗ 19 ਮਾਰਚ ਨੂੰ ਪਾਏ ਜਾਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖ ਕੌਮ ਸਮੁੱਚੀ ਮਨੁੱਖਤਾ ਦਾ ਭਲਾ ਮੰਗਦੀ ਹੈ ਅਤੇ ਵਰਤਮਾਨ ਸੰਕਟ ਤੋਂ ਮਾਨਵਤਾ ਨੂੰ ਬਚਾਉਣ ਲਈ ਗੁਰੂ ਸਾਹਿਬ ਅਤੇ ਅਕਾਲ ਪੁਰਖ ਅੱਗੇ ਸਮੂਹਿਕ ਰੂਪ ਵਿਚ ਅਰਦਾਸ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਹਾਮਾਰੀ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਪ੍ਰਬੰਧਕੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।