ਸਾਬਕਾ ਆਈਏਐੱਸ ਸ਼ਾਹ ਫ਼ੈਸਲ ’ਤੇ ਜੰਮੂ–ਕਸ਼ਮੀਰ ਪ੍ਰਸ਼ਾਸਨ ਨੇ ‘ਪਬਲਿਕ ਸਕਿਓਰਿਟੀ ਐਕਟ’ (PSA) ਲਾ ਦਿੱਤਾ ਹੈ। ਸ਼ਾਹ ਫ਼ੈਸਲ ’ਤੇ PSA ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਆਈਏਐੱਸ ਦੀ ਨੌਕਰੀ ਛੱਡ ਕੇ ਸਿਆਸਤ ’ਚ ਆਉਣ ਵਾਲੇ ਸ਼ਾਹ ਫ਼ੈਸਲ ਜੰਮੂ–ਕਸ਼ਮੀਰ ਪੀਪਲਜ਼ ਮੁਵਮੈਂਟ (JKPM) ਦੇ ਪ੍ਰਧਾਨ ਹਨ।
ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਤੋਂ ਬਾਅਦ ਸ਼ਾਹ ਫ਼ੈਸਲ ਨੂੰ ਪਿਛਲੇ ਵਰ੍ਰੇ 14 ਅਗਸਤ ਨੂੰ ਧਾਰਾ 107 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਐੱਮਐੱਲਏਜ਼ ਹੋਸਟਲ ’ਚ ਰੱਖਿਆ ਗਿਆ ਸੀ।
ਹਾਲੇ ਇਹ ਤੈਅ ਨਹੀਂ ਹੈ ਕਿ ਸ਼ਾਹ ਫ਼ੈਸਲ ਨੂੰ ਉਨ੍ਹਾਂ ਦੇ ਘਰ ਤਬਦੀਲ ਕੀਤਾ ਜਾਵੇਗਾ ਜਾਂ ਐੱਮਐੱਲਏ ਹੋਸਟਲ ’ਚ ਹੀ ਰੱਖਿਆ ਜਾਵੇਗਾ।
ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ–ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲ੍ਹਾ ਅਤੇ ਮਹਿਬੂਬਾ ਮੁਫ਼ਤੀ ਵਿਰੁੱਧ ਵੀ PSA ਲਾਇਆ ਗਿਆ ਸੀ। ਉਹ ਦੋਵੇਂ ਬੀਤੇ ਵਰ੍ਹੇ ਦੀ 4 ਅਤੇ 5 ਅਗਸਤ ਤੋਂ ਹੀ ਹਿਰਾਸਤ ’ਚ ਹਨ।
ਪਹਿਲਾਂ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਸਰਕਾਰ ਸ੍ਰੀਮਤੀ ਮੁਫ਼ਤੀ ਅਤੇ ਸ੍ਰੀ ਉਮਰ ਦੋਵਾਂ ਨੂੰ ਰਿਹਾਅ ਕਰ ਦੇਵੇਗੀ, ਜੇ ਉਹ ਇਹ ਲਿਖ ਕੇ ਦੇਣ ਕਿ ਉਹ ਹੁਣ ਸਰਗਰਮ ਸਿਆਸਤ ਤੋਂ ਲਾਂਭੇ ਹੋ ਜਾਣਗੇ।