ਮੁੰਬਈ ਦੇ ਚਾਰ 5–ਸਿਤਾਰਾ ਹੋਟਲਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਕਿਸੇ ਨੇ ਈ–ਮੇਲ ਭੇਜ ਕੇ ਇਹ ਧਮਕੀ ਦਿੱਤੀ ਹੈ। ਇਸ ਈ–ਮੇਲ ਸੁਨੇਹੇ ਤੋਂ ਬਾਅਦ ਮੁੰਬਈ ਪੁਲਿਸ ਦੇ ਹੋਸ਼ ਉੱਡ ਗਏ ਹਨ।
ਜਿਹੜੇ ਹੋਟਲਾਂ ਨੂੰ ਧਮਕੀ ਦਿੱਤੀ ਹੈ; ਉਨ੍ਹਾਂ ’ਚ ਹੋਟਲ ਲੀਲਾ, ਹੋਟਲ ਪ੍ਰਿੰਸੈਸ, ਹੋਟਲ ਪਾਰਕ ਅਤੇ ਹੋਟਲ ਰਾਮਦਾ ਸ਼ਾਮਲ ਹਨ। ਧਮਕੀ ਮਿਲਣ ਤੋਂ ਬਾਅਦ ਇਨ੍ਹਾਂ ਸਾਰੇ ਹੋਟਲਾਂ ਦੀ ਜਾਂਚ–ਪੜਤਾਲ ਕੀਤੀ ਗਈ ਪਰ ਕਿਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਧਮਕੀ ਭੇਜਣ ਵਾਲੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਲਸ਼ਕਰ–ਏ–ਤੋਇਬਾ ਨਾਲ ਸਬੰਧਤ ਹੈ। ਇਹ ਧਮਕੀ ਮਿਲਣ ਦੀ ਗੱਲ ਸਾਹਮਣੇ ਆਉਂਦਿਆਂ ਹੀ ਪੁਲਿਸ ਮਹਿਕਮਾ ਹਰਕਤ ’ਚ ਆ ਗਿਆ ਹੈ।
ਮੁੰਬਈ ਦੇ ਪੁਲਿਸ ਕਮਿਸ਼ਨਰ (ਆਪਰੇਸ਼ਨ) ਪ੍ਰਣਯ ਅਸ਼ੋਕ ਨੇ ਦੱਸਿਆ ਹੈ ਕਿ ਹੋਟਲਾਂ ਦੀ ਜਾਂਚ ਸਥਾਨਕ ਪੁਲਿਸ ਨਾਲ ਕੀਤੀ ਗਈ ਹੈ। ਪੁਲਿਸ ਫ਼ਿਲਹਾ ਈ–ਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਉਹ ਆਈ ਕਿੱਥੋਂ ਹੈ। ਇਸ ਵੇਲੇ ਸਮੁੱਚੇ ਮੁੰਬਈ ਮਹਾਂਨਗਰ ’ਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।
ਸਵਾ 11 ਵਰ੍ਹੇ ਪਹਿਲਾਂ ਨਵੰਬਰ 2008 ’ਚ ਮੁੰਬਈ ਦੇ ਤਾਜ ਤੇ ਟ੍ਰਾਈਡੈਂਟ ਹੋਟਲਾਂ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਯਾਦ ਹਾਲੇ ਤੱਕ ਤਾਜ਼ਾ ਹੈ। ਉਨ੍ਹਾਂ ਹਮਲਿਆਂ ’ਚ ਲਗਭਗ 200 ਵਿਅਕਤੀਆਂ ਦੀ ਮੌਤ ਹੋ ਗਈ ਸੀ; ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦੇਸ਼ੀ ਸ਼ਾਮਲ ਸਨ।
26/11 ਵਜੋਂ ਜਾਣੇ ਜਾਂਦੇ ਉਸ ਹਮਲੇ ’ਚ ਪੁਲਿਸ ਦੇ ਕਈ ਅਫ਼ਸਰ ਸ਼ਹੀਦ ਹੋ ਗਏ ਸਨ। ਇਸੇ ਲਈ ਪੁਲਿਸ ਹੁਣ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੀ ਤੇ ਦੋਬਾਰਾ ਅਜਿਹੀ ਵਾਰਦਾਤ ਕਦੇ ਵੀ ਵਾਪਰਨ ਨਹੀਂ ਦੇਵੇਗੀ।