ਸੀਆਰਪੀਐਫ ਦੇ ਸਮੂਹ ਕੇਂਦਰ ਉੱਤੇ ਹੋਏ ਅੱਤਵਾਦੀ ਹਮਲੇ ਦੇ ਕੇਸ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਇਸ ਕੇਸ ਵਿੱਚ ਅਦਾਲਤ ਨੇ ਛੇ ਦੋਸ਼ੀਆਂ ਚੋਂ ਚਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀ ਜੰਗ ਬਹਾਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਫਹੀਮ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਵੀਰਵਾਰ ਨੂੰ ਇਨ੍ਹਾਂ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਦੋ ਨੂੰ ਬਰੀ ਕਰ ਦਿੱਤਾ।
ਦੱਸ ਦਈਏ ਕਿ ਮੁੰਬਈ ਦੇ ਤਾਜ ਹੋਟਲ ਚ ਹੋਏ ਅੱਤਵਾਦੀ ਹਮਲੇ ਵਿੱਚ ਫਹੀਮ ਦਾ ਨਾਮ ਵੀ ਆਇਆ ਸੀ, ਹਾਲਾਂਕਿ ਬਾਅਦ ਚ ਉਸਨੂੰ ਬਰੀ ਕਰ ਦਿੱਤਾ ਗਿਆ ਸੀ।
ਸੀਆਰਪੀਐਫ ਸਮੂਹ ਕੇਂਦਰ ਵਿਖੇ 31 ਦਸੰਬਰ 2007 ਦੀ ਰਾਤ ਨੂੰ ਅੱਤਵਾਦੀ ਹਮਲਾ ਹੋਇਆ ਸੀ। ਹਮਲੇ ਵਿਚ ਸੀਆਰਪੀਐਫ ਦੇ ਸੱਤ ਜਵਾਨ ਸ਼ਹੀਦ ਹੋ ਗਏ ਸਨ ਤੇ ਇਕ ਰਿਕਸ਼ਾ ਚਾਲਕ ਮਾਰਿਆ ਗਿਆ। ਇਸ ਹਮਲੇ ਚ ਛੇ ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿੱਚ ਸਿਵਲ ਲਾਈਨਜ਼ ਦੀ ਪੁਲਿਸ ਅਫਸਰ, ਹੌਲਦਾਰ ਤੇ ਹੋਮਗਾਰਡ ਸ਼ਾਮਲ ਹਨ।
ਹਮਲੇ ਦੇ 40 ਦਿਨਾਂ ਬਾਅਦ ਏਟੀਐਸ ਅਤੇ ਪੁਲਿਸ ਨੇ ਸ਼ੱਕੀ ਵਿਅਕਤੀਆਂ ਨੂੰ ਰਾਮਪੁਰ ਅਤੇ ਲਖਨਊ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸੀਆਰਪੀਐਫ ਕਾਂਡ ਨੂੰ ਅੰਜਾਮ ਦੇਣ ਦੇ ਦੋਸ਼ ਚ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ।
ਇਹ ਸਾਰੇ ਮੁਲਜ਼ਮ ਲਖਨਊ ਅਤੇ ਬਰੇਲੀ ਦੀਆਂ ਕੇਂਦਰੀ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਨੂੰ ਸਮੇਂ ਸਮੇਂ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ। ਕੇਸ ਦੀ ਬਹਿਸ 19 ਅਕਤੂਬਰ ਨੂੰ ਏਡੀਜੇ ਤੀਜੀ ਅਦਾਲਤ ਵਿੱਚ ਪੂਰੀ ਹੋ ਗਈ ਸੀ। ਅਦਾਲਤ ਨੇ ਫੈਸਲੇ ਲਈ 1 ਨਵੰਬਰ ਦੀ ਤਰੀਕ ਮਿਥੀ ਸੀ। ਫੈਸਲੇ ਲਈ ਅਦਾਲਤ ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਖਤ ਸੁਰੱਖਿਆ ਦਰਮਿਆਨ ਦੋਸ਼ੀਆਂ ਨੂੰ ਅਦਾਲਤ ਵਿੱਚ ਲਿਆਂਦਾ ਗਿਆ।
ਅਦਾਲਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਸਨੀਕ ਮੁਹੰਮਦ ਫਾਰੂਕ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਸਨੀਕ ਇਮਰਾਨ ਅਹਿਮਦ, ਮਧੂਬਾਨੀ ਬਿਹਾਰ ਦੇ ਵਸਨੀਕ ਸਾਬੂਉਦੀਨ ਉਰਫ ਸਬਾ, ਮੁੰਬਈ ਦੇ ਗੋਰੇਗਾਓਂ ਦੇ ਰਹਿਣ ਵਾਲੇ ਅਰਸ਼ਦ ਅੰਸਾਰੀ ਉਰਫ ਫਹਿਮ, ਮੁਰਾਦਾਬਾਦ ਦੇ ਜੰਗ ਬਹਾਦੁਰ ਅਤੇ ਖਜੂਰੀਆ ਰਾਮਪੁਰ ਦੇ ਵਸਨੀਕ ਮੁਹੰਮਦ ਸ਼ਰੀਫ ਨੂੰ ਦੋਸ਼ੀ ਠਹਿਰਾਇਆ ਹੈ।
ਵੀਰਵਾਰ ਨੂੰ ਅਦਾਲਤ ਨੇ ਇਸ ਕੇਸ ਵਿੱਚ ਪ੍ਰਤਾਪਗੜ੍ਹ ਨਿਵਾਸੀ ਮੁਹੰਮਦ ਕੌਸਰ ਅਤੇ ਬਰੇਲੀ ਦੇ ਬਹੇੜੀ ਨਿਵਾਸੀ ਗੁਲਾਬ ਖਾਨ ਨੂੰ ਬਰੀ ਕਰ ਦਿੱਤਾ।
ਦੱਸਣਯੋਗ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ ਜਵਾਨ ਹੌਲਦਾਰ ਰਿਸ਼ੀਕੇਸ਼ ਰਾਏ, ਹੌਲਦਾਰ ਰਾਮਜੀਸ਼ਰਨ ਮਿਸ਼ਰਾ, ਹੌਲਦਾਰ ਅਫਜ਼ਲ ਅਹਿਮਦ, ਹੌਲਦਾਰ ਮਨਵੀਰ ਸਿੰਘ, ਹੌਲਦਾਰ ਵਿਕਾਸ ਕੁਮਾਰ, ਹੌਲਦਾਰ ਦਵਿੰਦਰ ਕੁਮਾਰ ਅਤੇ ਹੌਲਦਾਰ ਆਨੰਦ ਕੁਮਾਰ ਸ਼ਹੀਦ ਹੋ ਗਏ ਸਨ।
ਇਸ ਹਮਲੇ ਵਿਚ ਰਿਕਸ਼ਾ ਚਾਲਕ ਰਾਮਪੁਰ ਨਿਵਾਸੀ ਕਿਸ਼ਨ ਲਾਲ ਦੀ ਵੀ ਮੌਤ ਹੋ ਗਈ ਸੀ।