ਅਗਲੀ ਕਹਾਣੀ

ਜਲੰਧਰ ਦੇ ਬਿਸ਼ਪ ਵਿਰੁੱਧ ‘ਪੀੜਤ’ ਚਾਰ ਨਨਜ਼ ਪੁੱਜੀਆਂ ਕੇਰਲ CM ਦੇ ਦਰਬਾਰ

ਜਲੰਧਰ ਦੇ ਬਿਸ਼ਪ ਵਿਰੁੱਧ ‘ਪੀੜਤ’ ਚਾਰ ਨਨਜ਼ ਪੁੱਜੀਆਂ ਕੇਰਲ CM ਦੇ ਦਰਬਾਰ

ਕੇਰਲ ਦਾ ਰੋਮਨ ਕੈਥੋਲਿਕ ਚਰਚ ਇਸ ਵੇਲੇ ਬੇਲੋੜੇ ਵਿਵਾਦਾਂ ’ਚ ਘਿਰਦਾ ਜਾ ਰਿਹਾ ਹੈ। ਹਾਲੇ ਸਿਰਫ਼ ਦੋ ਦਿਨ ਪਹਿਲਾਂ ਚਰਚ ਨੇ ਰੋਸ ਮੁਜ਼ਾਹਰਾ ਕਰ ਰਹੀਆਂ ਜਿਹੜੀਆਂ ਚਾਰ ਨਨਜ਼ (ਸਾਧਵੀਆਂ) ਨੂੰ ਚਰਚ ਛੱਡ ਕੇ ਜਾਣ ਲਈ ਆਖਿਆ ਸੀ, ‘ਮਿਸ਼ਨਰੀਜ਼ ਆਫ਼ ਜੀਸਸ’ ਨਾਲ ਸਬੰਧਤ ਉਨ੍ਹਾਂ ਨੇ ਹੀ ਨਨਜ਼ ਹੁਣ ਜਲੰਧਰ ਦੇ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਕੋਲ ਸ਼ਿਕਾਇਤ ਕਰ ਕੇ ਮਦਦ ਮੰਗੀ ਹੈ।

 

 

ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਚਾਰ ਨਨਜ਼ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਇੱਕ ਸਾਥਣ ਨਾਲ ਬਿਸ਼ਪ ਫ਼ਰੈਂਕੋ ਮੁਲੱਕਲ ਨੇ ਕਥਿਤ ਤੌਰ ‘ਤੇ ਜਬਰ–ਜਨਾਹ ਕੀਤਾ ਸੀ। ਉਨ੍ਹਾਂ ਨੇ ਮਿਲ ਕੇ ਉਸ ਵਿਰੁੱਧ ਆਵਾਜ਼ ਉਠਾਈ ਪਰ ਹੁਣ ਚਰਚ ਉਸ ਬਿ਼ਸ਼ਪ ਦਾ ਹੀ ਪੱਖ ਪੂਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜਲੰਧਰ ਦੇ ਬਿਸ਼ਪ ਵਿਰੁੱਧ ਬਿਆਨ ਦੇਣ ਵਾਲੇ ਹੁਸ਼ਿਆਰਪੁਰ ਦੇ ਪਾਦਰੀ ਕੁਰੀਆਕੋਸ ਕੱਟੂਹਾਰਾ ਦੀ ਤਿੰਨ ਮਹੀਨੇ ਪਹਿਲਾਂ ਭੇਤ ਭਰੇ ਹਾਲਾਤ ‘ਚ ਮੌਤ ਹੋ ਗਈ ਸੀ ਤੇ ਕਿਤੇ ਉਨ੍ਹਾਂ ਦਾ ਹਸ਼ਰ ਵੀ ਉਸੇ ਪਾਦਰੀ ਜਿਹਾ ਨਾ ਹੋਵੇ। ਇਨ੍ਹਾਂ ਮਸੀਹੀ ਨਨਜ਼ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਉਸੇ ਹੀ ਕੌਨਵੈਂਟ ’ਚ ਰਹਿਣ ਦੀ ਪ੍ਰਵਾਨਗੀ ਦਿਵਾਈ ਜਾਵੇ।

 

 

ਚਾਰ ਨਨਜ਼ ਸਿਸਟਰ ਅਨੁਪਮਾ ਕੇਲਮੰਗਾਲੇਤੁਵੇਲੀ, ਸਿਸਟਰ ਵੀ. ਜੋਸਫ਼ੀਨ, ਸਿਸਟਰ ਅਲਫ਼ੀ ਪੱਲਾਸੇਰਿਲ ਅਤੇ ਸਿਸਟਰ ਐਨਕਿਟਾ ਉਰੂੰਬਿਲ ਨੇ ਦੋਸ਼ ਲਾਇਆ ਹੈ ਕਿ ‘ਬਿਸ਼ਪ ਫ਼ਰੈਂਕੋ ਮੁਲੱਕਲ ਹਰ ਤਰ੍ਹਾਂ ਨਾਲ ਇੱਕ ਤਾਕਤਵਰ ਵਿਅਕਤੀ ਹੈ। ਉਸ ਦਾ ਉਦੇਸ਼ ਜਬਰ–ਜਨਾਹ ਦੇ ਸਾਰੇ ਮਾਮਲੇ ਨੂੰ ਖ਼ਤਮ ਕਰਵਾ ਕੇ ਖ਼ੁਦ ਆਜ਼ਾਦ ਘੁੰਮਣਾ ਹੈ। ਸਾਡੀ ਜ਼ਿੰਦਗੀ ਖ਼ਤਰੇ ’ਚ ਹੈ। ਜੇ ਸਾਡਾ ਤਬਾਦਲਾ ਕਰ ਦਿੱਤਾ ਜਾਂਦਾ ਹੈ, ਤਦ ਅਸੀਂ ਇਸ ਮਾਮਲੇ ’ਚ ਬੇਖ਼ੌਫ਼ ਹੋ ਕੇ ਕੋਈ ਗਵਾਹੀ ਨਹੀਂ ਦੇ ਸਕਾਂਗੇ।’

 

 

ਚਾਰ ਨਨਜ਼ ਨੇ ਇਹ ਵੀ ਕਿਹਾ ਹੈ ਕਿ ਹੁਣ ਕੌਨਵੈਂਟ ‘ਚ ਉਨ੍ਹਾਂ ਨਾਲ ਸੌਤੇਲਿਆਂ ਵਰਗਾ ਵਿਵਹਾਰ ਹੁੰਦਾ ਹੈ। ‘ਕੌਨਵੈਂਟ ਦੇ ਅਧਿਕਾਰੀ ਸਾਨੂੰ ਜੀਵਨ ਬਤੀਤ ਕਰਨ ਲਈ ਘੱਟੋ–ਘੱਟ ਜ਼ਰੂਰਤਾਂ ਵੀ ਮੁਹੱਈਆ ਨਹੀਂ ਕਰਵਾ ਰਹੇ। ਹੋਰ ਤਾਂ ਹੋਰ ਉਨ੍ਹਾਂ ਦਾ ਇਲਾਜ ਤੱਕ ਨਹੀਂ ਕਰਵਾਇਆ ਜਾਂਦਾ। ਜੇ ਸਾਨੂੰ ਕੇਰਲ ਤੋਂ ਬਾਹਰ ਭੇਜ ਦਿੱਤਾ ਗਿਆ, ਤਾਂ ਨਨ ਨਾਲ ਬਲਾਤਕਾਰ ਵਾਲੇ ਕੇਸ ਦੀ ਸੁਣਵਾਈ ‘ਤੇ ਮਾੜਾ ਅਸਰ ਪਵੇਗਾ। ਉਹ ਤਾਂ ਸਾਰੇ ਮਿਲ ਕੇ ਇਹੋ ਚਾਹੁੰਦੇ ਹਨ ਕਿ ਪੀੜਤ ਨੂੰ ਇਸ ਮਾਮਲੇ ‘ਚ ਅਲੱਗ–ਥਲੱਗ ਕਰ ਦਿੱਤਾ ਜਾਵੇ ਤੇ ਬਲਾਤਕਾਰ ਵਾਲਾ ਕੇਸ ਕਮਜ਼ੋਰ ਪੈ ਜਾਵੇ। ਇਸੇ ਲਈ ਇਹ ਕੇਸ ਚੱਲਣ ਤੱਕ ਉਨ੍ਹਾਂ ਦੇ ਤਬਾਦਲੇ ਨਾ ਹੋਣ ਦਿੱਤੇ ਜਾਣ।’

 

 

ਇਨ੍ਹਾਂ ਚਾਰ ਨਨਜ਼ ਨੇ ਆਪਣੀ ਸ਼ਿਕਾਇਤ ਸੂਬੇ ਦੇ ਪੁਲਿਸ ਮੁਖੀ ਤੇ ਸੂਬਾਈ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੂੰ ਵੀ ਭੇਜੀ ਹੈ। ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਜੂਨ ਮਹੀਨੇ 43 ਸਾਲਾਂ ਦੀ ਇੱਕ ਨਨ ਨੇ ਦੋਸ਼ ਲਾਇਆ ਸੀ ਕਿ ਸਾਲ 2014 ਤੋਂ 2016 ਦੌਰਾਨ ਬਿਸ਼ਪ ਫ਼ਰੈਂਕੋ ਮੁਲੱਕਲ ਨੇ ਕਥਿਤ ਤੌਰ ‘ਤੇ ਉਨ੍ਹਾਂ ਨਾਲ 13 ਵਾਰ ਬਲਾਤਕਾਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four Nuns reach Kerala CM against Jalandhar Bishop