ਚਾਰ ਵਰ੍ਹੇ ਪਹਿਲਾਂ ਤੱਕ ਦੇਹਰਾਦੂਨ ਦੇ ਦਰਸ਼ਨ ਲਾਲ ਚੌਕ ਉੱਤੇ ਭੀਖ ਮੰਗਣ ਵਾਲੀ ਚਾਂਦਨੀ ਲਈ ਰਾਸ਼ਟਰੀ ਬਾਲਿਕਾ ਦਿਵਸ ਖ਼ਾਸ ਬਣ ਗਿਆ ਸੀ। ਕੱਲ੍ਹ ਸ਼ੁੱਕਰਵਾਰ ਨੂੰ ਉਹ ਮੁੱਖ ਮਹਿਮਾਨ ਵਜੋਂ ਸਟੇਜ ਤੋਂ ਬੋਲ ਰਹੀ ਸੀ। ਉਸ ਨੇ ਆਪਣੇ ਬੀਤੇ ਸਮਿਆਂ ਦੀ ਜ਼ਿੰਦਗੀ ਬਾਰੇ ਵੀ ਦੱਸਿਆ ਅਤੇ ਆਪਣੇ ਭਵਿੱਖ ਦੇ ਸੁਫ਼ਨੇ ਵੀ ਸਾਂਝੇ ਕੀਤੇ। ਉਸ ਦੀ ਦਾਸਤਾਨ ਸੁਣ ਕੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।
ਚਾਂਦਨੀ ਹੁਣ ਰਾਜਪੁਰ ਰੋਡ ਸਥਿਤ ਜੀਜੀਆਈਸੀ ’ਚ 10ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੂੰ ਖ਼ਾਸ ਮੌਕਾ ਬਾਲ ਕਮਿਸ਼ਨ ਰਾਹੀਂ ਮਿਲਿਆ। ਕਮਿਸ਼ਨ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਬਾਲਿਕਾ ਦਿਵਸ ਮੌਕੇ ਸਮਾਰੋਹ ’ਚ ਉਸ ਨੁੰ ਮੁੱਖ ਮਹਿਮਾਨ ਬਣਾਇਆ।
ਚਾਂਦਨੀ ਨੇ ਸਮਾਰੋਹ ’ਚ ਆਪਣੇ ਬੀਤੇ ਦਿਨਾਂ ਦੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਦਰਸ਼ਨ ਲਾਲ ਚੌਕ ਉੱਤੇ ਉਸ ਨੇ ਲਗਭਗ 8 ਸਾਲਾਂ ਤੱਕ ਭੀਖ ਮੰਗੀ। ਹੱਥਾਂ ਤੇ ਪੈਰਾਂ ਤੋਂ ਲਾਚਾਰ (ਦਿਵਯਾਂਗ) ਹੋਣ ਕਾਰਨ ਲੋਕ ਉਸ ਨੁੰ ਪੈਸੇ ਦੇ ਦਿੰਦੇ ਸਨ।
ਚਾਂਦਨੀ ਨੇ ਦੱਸਿਆ – ‘ਮੈਨੁੰ ਲੱਗਦਾ ਹੁੰਦਾ ਸੀ ਕਿ ਇਹੋ ਮੇਰੀ ਦੁਨੀਆ ਹੈ ਪਰ ਮੇਰਾ ਸਮਾਂ ਬਦਲਿਆ। ਅੱਜ ਮੈਂ ਦਰਸ਼ਨ ਲਾਲ ਚੌਕ ’ਤੇ ਨਹੀਂ, ਜੀਜੀਆਈਸੀ ’ਚ ਪੜ੍ਹਦੀ ਹਾਂ। ਮੈਂ ਅਧਿਆਪਕਾ ਬਣ ਕੇ ਆਪਣੇ ਜਿਹੇ ਹਜ਼ਾਰਾਂ ਬੱਚਿਆਂ ਨੂੰ ਭੀਖ ਮੰਗਣਾ ਹਟਾ ਕੇ ਉਨ੍ਹਾਂ ਦੇ ਸੁਫ਼ਨੇ ਸਾਕਾਰ ਕਰਨਾ ਚਾਹੁੰਦੀ ਹਾਂ।’
ਚਾਂਦਨੀ ਨੇ ਕਿਹਾ ਕਿ ਉਸ ਨੂੰ ਕਦੇ ਮੁੱਖ ਮਹਿਮਾਨ (ਚੀਫ਼ ਗੈਸਟ) ਵੀ ਬਣਾਇਆ ਜਾ ਸਕਦਾ ਹੈ, ਉਹ ਕਦੇ ਸੁਫ਼ਨੇ ’ਚ ਵੀ ਨਹੀਂ ਸੋਚ ਸਕਦੀ ਸੀ।
ਬਾਲ ਕਮਿਸ਼ਨ ਦੇ ਚੇਅਰਪਰਸਨ ਊਸ਼ਾ ਨੇਗੀ ਨੇ ਚਾਂਦਨੀ ਦੇ ਹੌਸਲੇ ਤੇ ਹਿੰਮਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਚਾਰ ਵਰ੍ਹੇ ਪਹਿਲਾਂ ਇੱਕ ਸੰਸਥਾ ਨੇ ਇਸ ਬੱਚੀ ਨੇ ਦਰਸ਼ਨ ਲਾਲ ਚੌਕ ’ਚ ਵੇਖਿਆ ਸੀ। ਉਸ ਨੂੰ ਉੱਥੋਂ ਲਿਜਾਂਦਾ ਗਿਆ। ਉਹ ਇੱਕ ਮਹੀਨੇ ’ਚ ਹੀ ਪੜ੍ਹਨਾ ਸਿੱਖ ਗਈ। ਉਸ ਤੋਂ ਬਾਅਦ ਉਸ ਨੂੰ ਓਪਨ ਬੋਰਡ ਤੋਂ 8ਵੀਂ ਜਮਾਤ ਕਰਵਾ ਕੇ ਜੀਜੀਆਈਸੀ ਰਾਜਪੁਰ ਦਾਖ਼ਲਾ ਦਿਵਾਇਆ ਗਿਆ।
ਹੁਣ ਚਾਂਦਨੀ ਸਰਕਾਰੀ ਸਕੂਲ ਦੇ ਹੋਸਟਲ ’ਚ ਰਹਿ ਰਹੀ ਹੈ ਤੇ ਉਹ ਅਧਿਆਪਕਾ ਸੰਗੀਤਾ ਤੇ ਪ੍ਰਿੰਸੀਪਲ ਹੁਕਮ ਸਿੰਘ ਉਨਿਆਲ ਦੀ ਸਖ਼ਤ ਮਿਹਨਤ ਸਦਕਾ 10ਵੀਂ ਜਮਾਤ ਦੀ ਵਿਦਿਆਰਥਣ ਹੈ।
ਕੱਲ੍ਹ ਦੇ ਇਸ ਸਮਾਰੋਹ ਦਾ ਉਦਘਾਟਨ ਬਾਲ ਕਮਿਸ਼ਨ ਦੇ ਚੇਅਰਪਰਸਨ ਊਸ਼ਾ ਨੇਗੀ, ਪੁਲਿਸ ਹੈੱਡਕੁਆਰਟਰਜ਼ ’ਚ ਐਡੀਸ਼ਨਲ ਐੱਸਪੀ (ਕ੍ਰਾਈਮ) ਮਮਤਾ ਬੋਰਾ, ਸੰਯੁਕਤ ਸਕੱਤਰ ਰੌਸ਼ਨੀ ਸੱਤੀ ਤੇ ਚਾਂਦਨੀ ਨੇ ਦੀਪ ਬਾਲ਼ ਕੇ ਕੀਤਾ।