ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਇਸ ਸਮੇਂ ਕੰਕਰੀਟ ਦੇ ਕੌਮੀ ਮਾਰਗ ਉਸਾਰੇ ਜਾ ਰਹੇ ਹਨ ਜਿਨ੍ਹਾਂ ’ਤੇ ਆਉਣ ਵਾਲੇ 100 ਸਾਲਾਂ ਚ ਵੀ ਟੋਏ ਨਹੀਂ ਪੈਣਗੇ।
ਰਮਾ ਦੇਵੀ, ਅਰਵਿੰਦ ਸਾਵੰਤ, ਕੇ.ਜੇ. ਸੁਰੇਸ਼, ਰਾਜੀਵ ਰੰਜਨ ਸਿੰਘ ਅਤੇ ਕੁਝ ਹੋਰ ਮੈਂਬਰਾਂ ਦੇ ਪੂਰਕ ਪ੍ਰਸ਼ਨਾਂ ਦੇ ਜਵਾਬ ਚ ਗਡਕਰੀ ਨੇ ਇਹ ਵੀ ਕਿਹਾ ਕਿ ਹਾਦਸਿਆਂ ਨੂੰ ਰੋਕਣ ਲਈ ਕੌਮੀ ਮਾਰਗਾਂ ਦੀ ਰੈਕਿੰਗ ਕੀਤੀ ਜਾ ਰਹੀ ਹੈ। ਇਹ ਦਰਜਾਬੰਦੀ ਸੜਕ ਸੁਰੱਖਿਆ ਨਾਲ ਜੁੜੇ ਮਿਆਰਾਂ ਦੇ ਅਧਾਰ 'ਤੇ ਹੋਵੇਗੀ।
ਇਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਹੁਣ ਕੰਕਰੀਟ ਵਾਲੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ‘ਤੇ ਆਉਣ ਵਾਲੇ 100 ਸਾਲਾਂ ਤਕ ਟੋਏ ਨਹੀਂ ਬਣਨਗੇ। ਮੰਤਰੀ ਨੇ ਕਿਹਾ ਕਿ ਵਿੱਤੀ ਆਡਿਟ ਦੀ ਤਰ੍ਹਾਂ ਸੜਕਾਂ ਦੇ ਨਿਰਮਾਣ ਦਾ ਵੀ ਆਡਿਟ ਕੀਤਾ ਜਾ ਰਿਹਾ ਹੈ ਤਾਂ ਜੋ ਸੜਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ, 'ਇਹ ਬੜੇ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਹਾਦਸਿਆਂ ਅਤੇ ਵੱਧ ਤੋਂ ਵੱਧ ਮੌਤਾਂ ਦੇ ਮਾਮਲਿਆਂ ਚ ਭਾਰਤ ਪਹਿਲੇ ਨੰਬਰ ‘ਤੇ ਹੈ। ਗਡਕਰੀ ਨੇ ਕਿਹਾ ਕਿ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਵੇਲੇ ਜੋ ਗਲਤੀਆਂ ਹੋਈਆਂ ਸਨ ਉਹੀ ਹਾਦਸਿਆਂ ਦਾ ਕਾਰਨ ਸਨ ਪਰ ਹੁਣ ਡੀਪੀਆਰ ਨੂੰ ਸਖਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਮਾਰਗਾਂ ਦੀ ਉਸਾਰੀ ਦੀ ਗੁਣਵੱਤਾ ਚ ਕੋਈ ਵੀ ਕਮੀ ਅਤੇ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਗਡਕਰੀ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਆਪਣੇ ਖੇਤਰਾਂ ਚ ਕੌਮੀ ਮਾਰਗਾਂ ਦੀ ਸਥਿਤੀ ਅਤੇ ਉਨ੍ਹਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਜਿਸ ਬਾਰੇ ਉਹ ਤੁਰੰਤ ਕਾਰਵਾਈ ਕਰਨਗੇ। ਪੂਰਕ ਪ੍ਰਸ਼ਨ ਪੁੱਛਦਿਆਂ ਕਈ ਸੰਸਦ ਮੈਂਬਰਾਂ ਨੇ ਨਿਤਿਨ ਗਡਕਰੀ ਦੇ ਕੰਮ ਦੀ ਸ਼ਲਾਘਾ ਕੀਤੀ। ਭਾਜਪਾ ਦੀ ਰਾਮਾ ਦੇਵੀ ਨੇ ਕਿਹਾ, "ਬਹੁਤ ਘੱਟ ਮੰਤਰੀ ਇੰਨੇ ਸਰਗਰਮ ਹੁੰਦੇ ਹਨ।"