ਅਗਲੀ ਕਹਾਣੀ

ਖ਼ਤਰਨਾਕ ਗੈਂਗਸਟਰ ਮੁੰਨਾ ਬਜਰੰਗੀ ਦਾ ਬਾਗ਼ਪਤ ਜੇਲ੍ਹ `ਚ ਕਤਲ

ਖ਼ਤਰਨਾਕ ਗੈਂਗਸਟਰ ਮੁੰਨਾ ਬਜਰੰਗੀ ਦਾ ਬਾਗ਼ਪਤ ਜੇਲ੍ਹ `ਚ ਕਤਲ

ਬੇਹੱਦ ਬਦਨਾਮ ਤੇ ਖ਼ਤਰਨਾਕ ਗੈਂਗਸਟਰ ਪ੍ਰੇਮ ਪ੍ਰਕਾਸ਼ ਉਰਫ਼ ਮੁੰਨਾ ਬਜਰੰਗੀ ਦਾ ਬਾਗ਼ਪਤ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਹੈ। ਅੱਜ ਸਾਬਕਾ ਬਸਪਾ ਵਿਧਾਇਕ ਲੋਕੇਸ਼ ਦੀਕਸਿ਼ਤ ਤੋਂ ਫਿ਼ਰੌਤੀ ਮੰਗਣ ਦੇ ਦੋਸ਼ ਅਧੀਨ ਇੱਥੋਂ ਦੀ ਅਦਾਲਤ ਵਿੱਚ ਮੁੰਨਾ ਬਜਰੰਗੀ ਦੀ ਪੇਸ਼ੀ ਹੋਣੀ ਸੀ। ਮੁੰਨਾ ਬਜਰੰਗੀ ਨੂੰ ਐਤਵਾਰ ਨੂੰ ਝਾਸੀ ਜੇਲ੍ਹ ਤੋਂ ਬਾਗ਼ਪਤ ਲਿਆਂਦਾ ਗਿਆ ਸੀ। ਉਸ ਨੂੰ ਇਕੱਲੀ ਬੈਰਕ ਵਿੱਚ ਬਦਨਾਮ ਸੁਨੀਲ ਰਾਠੀ ਅਤੇ ਵਿੱਕੀ ਸੁੰਹੇੜਾ ਨਾਲ ਰੱਖਿਆ ਗਿਆ ਸੀ। ਇਸ ਕਤਲ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਬਾਗ਼ਪਤ ਜਿ਼ਲ੍ਹਾ ਜੇਲ੍ਹ ਦੇ ਜੇਲਰ, ਡਿਪਟੀ ਜੇਲਰ ਸਮੇਤ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਜੇਲ੍ਹ ਵਿੱਚ ਇਸ ਕਤਲ ਤੋਂ ਬਾਅਦ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਹਨ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਿ਼ਲ੍ਹਾ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਜੇਲ੍ਹ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਲਖਨਊ `ਚ ਸੂਬੇ ਦੇ ਡੀਆਈਜੀ (ਕਾਨੂੰਨ ਤੇ ਵਿਵਸਥਾ) ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸ਼ੁਰੂਆਤ ਜਾਂਚ ਦੌਰਾਨ ਇਸ ਕਤਲ ਦੇ ਮਾਮਲੇ ਵਿੱਚ ਇੱਕ ਹੋਰ ਬਦਨਾਮ ਅਪਰਾਧੀ ਸੁਨੀਲ ਰਾਠੀ ਦਾ ਨਾਂਅ ਸਾਹਮਣੇ ਆ ਰਿਹਾ ਹੈ। ਸੁਨੀਲ ਰਾਠੀ ਯੂਪੀ ਦੇ ਨਾਲ-ਨਾਲ ਉਤਰਾਖੰਡ `ਚ ਸਰਗਰਮ ਹੈ। ਸੁਨੀਲ ਦੀ ਮਾਂ ਰਾਜਬਾਲਾ ਛਪਰੌਲੀ ਤੋਂ ਬਸਪਾ ਦੀ ਟਿਕਟ `ਤੇ ਚੋਣ ਲੋੜ ਚੁੱਕੀ ਹੈ।

ਇਸ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜੇਲ੍ਹਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹ ਕੰਪਲੈਕਸ ਅੰਦਰ ਹੋਣ ਵਾਲੀ ਅਜਿਹੀ ਘਟਨਾ ਇੱਕ ਗੰਭੀਰ ਗੱਲ ਹੈ। ਜਿ਼ੰਮੇਵਾਰ ਲੋਕਾਂ ਖਿ਼ਲਾਫ਼ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਮੁੰਨਾ ਬਜਰੰਗੀ ਦੀ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਵਾਏ ਜਾਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਉਨ੍ਹਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਬੀਤੇ ਦਿਨੀਂ ਲਖਨਊ `ਚ ਹੋਈ ਇੱਕ ਗੈ਼ਗਵਾਰ `ਚ ਮਾਫ਼ੀਆ ਡੌਨ ਮੁੰਨਾ ਬਜਰੰਗੀ ਦੇ ਸਾਲ਼ੇ ਪੁਸ਼ਪਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਬੀਤੇ ਸ਼ੁੱਕਰਵਾਰ ਨੂੰ ਮੁੰਨਾ ਸਖ਼ਤ ਪੁਲਿਸ ਸੁਰੱਖਿਆ ਚੌਕਸੀ `ਚ ਆਪਣੇ ਸਾਲ਼ੇ ਦੀ ਤੇਰ੍ਹਵੀਂ ਵਿੱਚ ਭਾਗ ਲੈਣ ਲਈ ਵਿਕਾਸਨਗਰ ਕਾਲੋਨੀ ਆਇਆ ਸੀ।

ਮੁੰਨਾ ਬਜਰੰਗੀ ਦਾ ਅਸਲ ਨਾਂਅ ਪ੍ਰੇਮ ਪ੍ਰਕਾਸ਼ ਸਿੰਘ ਹੈ। ਉਸ ਦਾ ਜਨਮ 1967 `ਚ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲ੍ਹੇ ਦੇ ਪੂਰੇਦਿਆਲ ਪਿੰਡ `ਚ ਹੋਇਆ ਸੀ। ਉਸ ਦੇ ਪਿਤਾ ਪਾਰਸਨਾਥ ਸਿੰਘ ਨੇ ਉਸ ਨੂੰ ਪੜ੍ਹਾ ਲਿਖਾ ਕੇ ਵੱਡਾ ਆਦਮੀ ਬਣਾਉਣ ਦਾ ਸੁਫ਼ਨਾ ਲਿਆ ਸੀ ਪਰ ਪ੍ਰੇਮ ਪ੍ਰਕਾਸ਼ ਉਰਫ਼ ਮੁੰਨਾ ਬਜਰੰਗੀ ਨੇ ਉਨ੍ਹਾਂ ਦੇ ਸਾਰੇ ਅਰਮਾਨ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੇ। ਉਸ ਨੇ ਪੰਜਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਉਸ ਨੂੰ ਗਭਰੂ ਹੋਣ ਤੱਕ ਹੀ ਅਜਿਹੇ ਕਈ ਸ਼ੌਕ ਲੱਗ ਗਏ ਸਨ, ਜਿਹੜੇ ਉਸ ਨੂੰ ਅਪਰਾਧ ਦੀ ਦੁਨੀਆ ਵਿੱਚ ਲਿਜਾਣ ਲਈ ਕਾਫ਼ੀ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Munna Bajrangi murdered in Bagpat jail