ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਰਗੀ ਕਾਲਜ ਮਾਮਲਾ : ਗ੍ਰਿਫ਼ਤਾਰ ਸਾਰੇ 10 ਮੁਲਾਜ਼ਮਾਂ ਨੂੰ ਮਿਲੀ ਜ਼ਮਾਨਤ

ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਵਿਖੇ ਪਿਛਲੇ ਹਫ਼ਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਸਾਰੇ 10 ਲੋਕਾਂ ਨੂੰ ਸ਼ੁੱਕਰਵਾਰ ਨੂੰ ਸਾਕੇਤ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 10-10 ਹਜ਼ਾਰ ਰੁਪਏ ਦੀ ਜ਼ਮਾਨਤ ਰਕਮ ਜਮਾਂ ਕਰਵਾਉਣ ਲਈ ਕਿਹਾ ਹੈ। ਵੀਰਵਾਰ ਨੂੰ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ ਭੇਜਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਵਿਰੁੱਧ ਛੇੜਛਾੜ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
 

ਜਾਣਕਾਰੀ ਅਨੁਸਾਰ ਗਾਰਗੀ ਕਾਲਜ ਵਿਖੇ ਬੀਤੀ 6 ਫਰਵਰੀ ਨੂੰ ਫੈਸਟੀਵਲ ਦੌਰਾਨ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਦਿੱਲੀ ਪੁਲਿਸ ਨੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਸਾਰੇ ਮੁਲਜ਼ਮਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੈ।

 


 

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਅਤੇ ਸ਼ੱਕੀਆਂ ਦੀ ਪਛਾਣ ਲਈ ਪੁਲਿਸ ਦੀਆਂ 11 ਤੋਂ ਵੱਧ ਟੀਮਾਂ ਤਕਨੀਕੀ ਵੇਰਵਿਆਂ ਦਾ ਵਿਸ਼ਲੇਸ਼ਣ ਕਰ ਰਹੀਆਂ ਹਨ ਅਤੇ ਐਨਸੀਆਰ ਵਿੱਚ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਲੈ ਰਹੀਆਂ ਹਨ। ਨਾਲ ਹੀ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ। ਪੁਲਿਸ ਅਨੁਸਾਰ ਫੈਸਟ ਜਦੋਂ ਚੱਲ ਰਿਹਾ ਸੀ, ਉਦੋਂ ਮੁਲਜ਼ਮ ਕਾਲਜ ਦੇ ਬਾਹਰ ਸਨ।
 

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦਿੱਲੀ-ਐਨਸੀਆਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਹਨ। ਉਹ ਕਾਲਜ ਦੇ ਬਾਹਰ ਇਕੱਠੇ ਹੋਏ। ਇੱਕ ਕਾਰ ਤੋੜੀ ਅਤੇ ਫਿਰ ਕਾਲਜ ਵਿੱਚ ਦਾਖਲ ਹੋਏ। ਪੁਲਿਸ ਨੇ ਦੱਸਿਆ ਕਿ ਉਹ ਕਾਲਜ ਦੇ ਸੁਰੱਖਿਆ ਮੁਲਾਜ਼ਮਾਂ ਦੀ ਬੈਰਕੇਡਿੰਗ ਨੂੰ ਤੋੜ ਕੇ ਅੰਦਰ ਦਾਖਲ ਹੋਏ ਸਨ। ਉਨ੍ਹਾਂ ਦੀ ਗਿਣਤੀ ਸੁਰੱਖਿਆ ਮੁਲਾਜ਼ਮਾਂ ਨਾਲੋਂ ਬਹੁਤ ਜ਼ਿਆਦਾ ਸੀ। ਦਿੱਲੀ ਪੁਲਿਸ ਨੇ 10 ਫਰਵਰੀ ਨੂੰ ਘਟਨਾ ਦੇ ਸਬੰਧ 'ਚ ਐਫਆਈਆਰ ਦਰਜ ਕੀਤੀ ਸੀ।
 

ਇਹ ਹੈ ਮਾਮਲਾ :
ਵਿਦਿਆਰਥਣਾਂ ਦਾ ਦੋਸ਼ ਕਿ ਬੀਤੀ 6 ਫਰਵਰੀ ਦੀ ਰਾਤ ਨੂੰ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਵਿਖੇ ਸਾਲਾਨਾ ਪ੍ਰੋਗਰਾਮ ਦੌਰਾਨ ਕਾਲਜ ਦਾ ਗੇਟ ਤੋੜ ਕੇ ਬਾਹਰੀ ਲੋਕ ਅੰਦਰ ਆ ਗਏ ਅਤੇ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ। ਦਰਅਸਲ 6 ਫਰਵਰੀ ਨੂੰ ਗਾਇਕ ਜੁਬਿਨ ਨੌਟਿਆਲ ਦਾ ਇੱਕ ਸ਼ੋਅ ਸੀ, ਜਿਸ ਲਈ ਵਿਦਿਆਰਥਣਾਂ ਨੂੰ ਸੀਮਤ ਪਾਸ ਵੰਡੇ ਗਏ ਸਨ।

 

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਕੈਂਪਸ 'ਚ ਦਾਖਲ ਹੋਣ ਵਾਲੇ ਬਹੁਤ ਸ਼ਰਾਰਤੀ ਅਨਸਰ ਨਸ਼ੇ ਵਿੱਚ ਸਨ। ਇਨ੍ਹਾਂ ਨੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ਅਤੇ ਛੇੜਛਾੜ ਕੀਤੀ। ਕੁਝ ਨੇ ਵਿਦਿਆਰਥਣਾਂ ਦਾ ਮੈਟਰੋ ਸਟੇਸ਼ਨ ਤਕ ਪਿੱਛਾ ਕੀਤਾ। ਕਾਲਜ ਦੀ ਇੱਕ ਵਿਦਿਆਰਥਣ ਨੇ ਉਸ ਰਾਤ ਹੋਈ ਪੂਰੀ ਘਟਨਾ ਨੂੰ ਬੀਤੇ ਸਨਿੱਚਰਵਾਰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ। ਐਤਵਾਰ ਸ਼ਾਮ ਨੂੰ ਇਹ ਟਵਿੱਟਰ 'ਤੇ ਟਰੈਂਡ ਕਰਨ ਲੱਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gargi College molestation case bail granted to all 10 accused