ਸਬਰੀਮਾਲਾ ਮੰਦਰ ਦੇ ਦਰ ਭਲਕੇ ਸੋਮਵਾਰ ਨੂੰ ਸਖ਼ਤ ਸੁਰੱਖਿਆ ਚੌਕਸੀ ਨਾਲ ਸ਼ਾਮੀਂ ਪੰਜ ਵਜੇ ਖ਼ਾਸ ਪੂਜਾ ਲਈ ਖੁੱਲ੍ਹਣਗੇ। ਮੰਦਰ `ਚ ਹਰ ਉਮਰ ਦੀਆਂ ਔਰਤਾਂ ਨੂੰ ਦਾਖ਼ਲ ਦੇਣ ਦੇ ਸੁਪਰੀਮ ਕੋਰਟ ਦੇ ਹੁਕਮ ਦੇ ਵਿਰੋਧ `ਚ ਪਿਛਲੀ ਵਾਰ ਪ੍ਰਦਰਸ਼ਨਾਂ ਨੂੰ ਵੇਖਦਿਆਂ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ।
ਪੁਲਿਸ ਨੇ ਦੱਸਿਆ ਕਿ ਪੂਰੇ ਇਲਾਕੇ `ਚ ਦਫ਼ਾ-144 ਲਾਗੂ ਕੀਤੀ ਗਈ ਹੈ ਤੇ ਚਾਰ ਤੋਂ ਵੱਧ ਵਿਅਕਤੀਆਂ ਦੇ ਇੱਕ ਥਾਂ `ਤੇ ਇਕੱਠੇ ਹੋਣ `ਤੇ ਰੋਕ ਲਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ 2,300 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਵਿੱਚ 20 ਮੈਂਬਰੀ ਕਮਾਂਡੋ ਟੀਮ ਤੇ 100 ਔਰਤਾਂ ਸ਼ਾਮਲ ਹਨ। ਭਾਵੇਂ ਇਸ ਤਰ੍ਹਾਂ ਦੀ ਕਿਲੇਬੰਦੀ ਦਾ ਸਾਬਕਾ ਸ਼ਾਹੀ ਪਰਿਵਾਰ ਪੰਡਾਲਮ, ਭਾਜਪਾ ਤੇ ਕਾਂਗਰਸ ਨੇ ਵਿਰੋਧ ਕੀਤਾ ਹੈ।
ਪੁਲਿਸ ਨੇ ਕਿਹਾ ਕਿ ਲੋੜ ਪੈਣ `ਤੇ ਸਰਕਲ ਇੰਸਪੈਕਟਰ ਤੇ ਸਬ-ਇੰਸਪੈਕਟਰ ਰੈਂਕ ਦੀਆਂ 30 ਮਹਿਲਾ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ; ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੋਵੇਗੀ। ਪੰਪਾ, ਨਿਲੱਕਲ, ਇਲਾਦੁੰਗਲ ਤੇ ਸੰਨਿਧਾਨਮ `ਚ ਸਨਿੱਚਰਵਾਰ ਅੱਧੀ ਰਾਤ ਤੋਂ 72 ਘੰਟਿਆਂ ਲਈ ਫ਼ੌਜਦਾਰੀ ਜ਼ਾਬਤੇ ਦੀ ਧਾਰਾ 144 ਅਧੀਨ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ।
ਇੱਥੇ ਵਰਨਣਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦੂਜੀ ਵਾਰ ਮੰਦਰ ਦੇ ਦਰ ਖੁੱਲ੍ਹ ਰਹੇ ਹਨ। ਇਸ ਤੋਂ ਪਹਿਲਾਂ 17 ਅਕਤੂਬਰ ਨੁੰ ਪੰਜ ਦਿਨਾਂ ਲਈ ਮਾਸਿਕ ਪੂਜਾ ਲਈ ਸਬਰੀਮਾਲਾ ਦੇ ਦਰ ਖੁੱਲ੍ਹੇ ਸਨ। ਪਰ ਸਾਰੀ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਖਿ਼ਲਾਫ਼ ਹਿੰਸਕ ਪ੍ਰਦਰਸ਼ਨ ਹੋਏ ਸਨ ਤੇ ਇੱਕ ਵੀ 10 ਤੋਂ 50 ਸਾਲ ਤੱਕ ਦੀ ਔਰਤ ਮੰਦਰ `ਚ ਦਾਖ਼ਲ ਨਹੀਂ ਹੋ ਸਕੀ ਸ।
ਭਲਕੇ ਸੋਮਵਾਰ ਨੂੰ ਮੰਦਰ ਸ਼ਾਮੀਂ ਪੰਜ ਵਜੇ ਖ਼ਾਸ ਪੂਜਾ ਸ੍ਰੀ ਚਿਤਿਰਾ ਅੱਟਾ ਤਿਰੂਨਾਲ ਲਈ ਖੁੱਲ੍ਹੇਗਾ ਤੇ ਅਗਲੇ ਦਿਨ ਦੀ ਰਾਤ ਨੂੰ 10 ਵਜੇ ਬੰਦ ਹੋ ਜਾਵੇਗਾ। ਤਾਂਤਰੀ ਕੰਡਾਰਾਰੂ ਰਾਜੀਵਾਰੂ ਤੇ ਮੁੱਖ ਪੁਜਾਰੀ ਊਨੀਕ੍ਰਿਸ਼ਨਨ ਨੰਬੂਦਰੀ ਮੰਦਰ ਦੇ ਦਰ ਸਾਂਝੇ ਤੌਰ `ਤੇ ਖੋਲ੍ਹਣਗੇ ਤੇ ਸ੍ਰੀਕੋਵਿਲ (ਗਰਭਗ੍ਰਹਿ) `ਚ ਦੀਵੇ ਬਾਲਣਗੇ।