ਕਾਂਗਰਸ ਦੇ ਸੰਸਦ ਮੈਂਬਰ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਅੱਜ ਜਿਵੇਂ ਹੀ ਸ੍ਰੀਨਗਰ ਦੇ ਹਵਾਈ ਅੱਡੇ ’ਤੇ ਪੁੱਜੇ, ਤਿਵੇਂ ਹੀ ਉਨ੍ਹਾਂ ਨੂੰ ਰੋਕ ਲਿਆ ਗਿਆ। ਉੱਥੋਂ ਉਨ੍ਹਾਂ ਨੂੰ ਸ਼ਹਿਰ ਅੰਦਰ ਵੀ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਤੇ ਤੁਰੰਤ ਵਾਪਸ ਨਵੀਂ ਦਿੱਲੀ ਰਵਾਨਾ ਕਰ ਦਿੱਤਾ ਗਿਆ।
ਦਰਅਸਲ, ਸੋਮਵਾਰ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕਰਨ ਤੇ ਉਸ ਨੂੰ ਬਾਕਾਇਦਾ ਇੱਕ ਕੇਂਦਰ ਸ਼ਾਸਤ ਪ੍ਰਦੇਸ਼ (UT) ਐਲਾਨੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀ; ਇਸੇ ਲਈ ਤਦ ਤੋਂ ਹੀ ਕਸ਼ਮੀਰ ਵਾਦੀ ਵਿੱਚ ਕੁਝ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।
ਸ੍ਰੀ ਗ਼ੁਲਾਮ ਨਬੀ ਆਜ਼ਾਦ ਨਾਲ ਅੱਜ ਜੰਮੂ–ਕਸ਼ਮੀਰ ਕਾਂਗਰਸ ਦੇ ਪ੍ਰਧਾਨ ਗ਼ੁਲਾਮ ਅਹਿਮਦ ਮੀਰ ਵੀ ਮੌਜੂਦ ਸਨ।
ਸ੍ਰੀਨਗਰ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਸੀ ਕਿ ਕੱਲ੍ਹ ਜਿਹੜੇ ਵਿਅਕਤੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਗੱਲਬਾਤ ਕਰਦੇ ਵਿਖਾਈ ਦੇ ਰਹੇ ਸਨ; ਉਹ ਤਾਂ ਸਿਰਫ਼ ਇੱਕ ਦਿਖਾਵਾ ਸੀ।
ਸ੍ਰੀ ਆਜ਼ਾਦ ਨੇ ਕਿਹਾ ਸੀ ਕਿ ਪੈਸੇ ਦੇ ਕੇ ਤਾਂ ਕਿਸੇ ਤੋਂ ਕੁਝ ਵੀ ਅਖਵਾਇਆ ਜਾ ਸਕਦਾ ਹੈ।
ਇੱਥੇ ਵਰਨਣਯੋਗ ਹੈ ਕਿ ਕੱਲ੍ਹ ਖ਼ਬਰ ਏਜੰਸੀਆਂ ਨੇ ਇੱਕ ਵਿਡੀਓ ਵੀ ਜਾਰੀ ਕੀਤੀ ਸੀ; ਜਿਸ ਵਿੱਚ ਸ੍ਰੀ ਅਜੀਤ ਡੋਵਾਲ ਕਸ਼ਮੀਰ ’ਚ ਅੱਤਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਸ਼ੋਪੀਆਂ ’ਚ ਆਮ ਲੋਕਾਂ ਨਾਲ ਗੱਲਬਾਤ ਕਰਦੇ ਵਿਖਾਈ ਦੇ ਰਹੇ ਸਨ।
ਸ੍ਰੀ ਡੋਵਾਲ ਨੇ ਕੱਲ੍ਹ ਬਾਜ਼ਾਰ ਦੀਆਂ ਬੰਦ ਪਈਆਂ ਦੁਕਾਨਾਂ ਸਾਹਮਣੇ ਫ਼ੁੱਟਪਾਥ ਉੱਤੇ ਖਾਣਾ ਵੀ ਖਾਧਾ ਸੀ। ਉਹ ਤਸਵੀਰਾਂ ਤੇ ਵਿਡੀਓਜ਼ ਕੱਲ੍ਹ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਸਨ।