ਆਪਣੇ ਬਿਆਨਾਂ ਕਾਰਨ ਚਰਚਾ ’ਚ ਰਹਿਣ ਵਾਲੇ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਗਿਰੀਰਾਜ ਸਿੰਘ ਦੀਆਂ ਤਾਜ਼ਾ ਵਿਵਾਦਗ੍ਰਸਤ ਟਿੱਪਣੀਆਂ ਤੋਂ ਪਾਰਟੀ ਹਾਈ–ਕਮਾਂਡ ਡਾਢੀ ਨਾਰਾਜ਼ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਇਸ ਵੇਲੇ ਸ੍ਰੀ ਗਿਰੀਰਾਜ ਸਿੰਘ ਦੀਆਂ ਵਿਵਾਦਗ੍ਰਸਤ ਟਿੱਪਣੀਆਂ ਤੋਂ ਡਾਢੇ ਨਾਰਾਜ਼ ਹਨ। ਇਸੇ ਲਈ ਉਨ੍ਹਾਂ ਇਸ ਕੇਂਦਰੀ ਮੰਤਰੀ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ।
ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਈ ਵਿਵਾਦਗ੍ਰਸਤ ਬਿਆਨ ਦਿੱਤੇ ਸਨ। ਹਾਲੇ ਬੀਤੇ ਮੰਗਲਵਾਰ ਨੂੰ ਹੀ ਕੇਂਦਰੀ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਦਿਓਬੰਦ ਨੂੰ ‘ਅੱਤਵਾਦ ਦੀ ਗੰਗੋਤਰੀ’ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ‘ਦਿਓਬੰਦ ਅੱਤਵਾਦ ਦੀ ਗੰਗੋਤਰੀ ਹੈ, ਜਿੱਥੋਂ ਮੁੰਬਈ ਹਮਲੇ ਦੇ ਮਾਸਟਰ–ਮਾਈਂਡ ਹਾਫ਼ਿਜ਼ ਸਈਅਦ ਜਿਹੇ ਲੋਕ ਨਿੱਕਲਦੇ ਹਨ।’
ਗਿਰੀਰਾਜ ਸਿੰਘ ਸੀਏਏ ਦੀ ਹਮਾਇਤ ਵਿੱਚ ਰੱਖੇ ਇੱਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਸਹਾਰਨਪੁਰ ਪੁੱਜੇ ਸਨ। ਉਨ੍ਹਾਂ ਨੇ ਸੀਏਏ ਵਿਰੋਧੀ ਅੰਦੋਲਨ ਨੂੰ ਦੇਸ਼–ਵਿਰੋਧੀ ਅੰਦੋਲਨ ਕਰਾਰ ਦਿੱਤਾ ਸੀ।
ਕੇਂਦਰੀ ਮੰਤਰੀ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਇਮਰਾਨ ਮਸੂਦ ਨੇ ਕਿਹਾ ਸੀ ਕਿ ਗਿਰੀਰਾਜ ਸਿੰਘ ਨਫ਼ਰਤ ਨਾਲ ਇਸ ਹੱਦ ਤੱਕ ਅੰਨ੍ਹੇ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਪਵਿੱਤਰ ਸ਼ਬਦ ‘ਗੰਗੋਤਰੀ’ ਦਾ ਵੀ ਅਪਮਾਨ ਕੀਤਾ।
ਸਹਾਰਨਪੁਰ ਤੋਂ ਸੰਸਦ ਮੈਂਬਰ ਹਾਜੀ ਫ਼ਜ਼ਲ–ਉਰ–ਰਹਿਮਾਨ ਨੇ ਵੀ ਸ੍ਰੀ ਗਿਰੀਰਾਜ ਸਿੰਘ ਦੇ ਬਿਆਨ ਦੀ ਨਿਖੇਧੀ ਕੀਤੀ ਸੀ ਤੇ ਕਿਹਾ ਸੀ ਕਿ ਦਿਓਬੰਦ ਆਜ਼ਾਦੀ ਘੁਲਾਟੀਆਂ ਦੀ ਕਰਮ–ਭੂਮੀ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਓਬੰਦ ਦੇ ਬਹੁਤ ਸਾਰੇ ਵਿਦਵਾਨਾਂ ਨੇ ਆਜ਼ਾਦੀ ਖ਼ਾਤਰ ਆਪਣੇ ਜੀਵਨ ਬਲੀਦਾਨ ਕੀਤੇ ਤੇ ਜੇਲ੍ਹਾਂ ’ਚ ਗਏ।