-- 'ਜੈ ਸ਼੍ਰੀਰਾਮ' ਦੇ ਨਾਅਰੇ ਲਵਾਏ
ਲੋਕ ਸਭਾ ਚੋਣ ਨਤੀਜੇ ਆਇਆਂ ਨੂੰ ਹਾਲੇ ਪੂਰੀ ਤਰ੍ਹਾਂ 24 ਘੰਟੇ ਵੀ ਨਹੀਂ ਬੀਤੇ ਸਨ ਕਿ ਗਊ–ਰੱਖਿਆ ਦੇ ਨਾਂਅ 'ਤੇ ਹੋਣ ਵਾਲੀ ਕਥਿਤ ਗੁੰਡਾਗਰਦੀ ਦਾ ਇੱਕ ਨਵਾਂ ਵਿਡੀਓ ਸਾਹਮਣੇ ਆ ਗਿਆ ਹੈ। ਇਹ ਵਾਰਦਾਤ ਮੱਧ ਪ੍ਰਦੇਸ਼ ਦੇ ਸੀਵਨੀ ਦੀ ਹੈ। ਇੱਥੇ ਗਊ ਦਾ ਮਾਸ ਲਿਜਾਂਦੇ ਹੋਣ ਦੀ ਖ਼ਬਰ ਮਿਲਣ 'ਤੇ ਤਿੰਨ ਵਿਅਕਤੀਆਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਹੋਰ ਤਾਂ ਹੋਰ ਪੀੜਤਾਂ ਤੋਂ ਜ਼ਬਰਦਸਤੀ 'ਜੈ ਸ਼੍ਰੀਰਾਮ' ਦੇ ਜੈਕਾਰੇ ਵੀ ਲਵਾਏ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਗਊ–ਰੱਖਿਆ ਦੇ ਨਾਂਅ ਹੇਠ ਹੋਈ ਗੁੰਡਾਗਰਦੀ ਦਾ ਇਹ ਵਿਡੀਓ ਦੋ ਤੋਂ ਤਿੰਨ ਦਿਨ ਪੁਰਾਣਾ ਦੱਸਿਆ ਜਾਂਦਾ ਹਾੈ। ਗੁੰਡਾਗਰਦੀ ਕਰਨ ਵਾਲੇ ਵਿਅਕਤੀ ਰਾਮ ਸੈਨਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਰਾਮ ਸੈਨਾ ਦੇ ਕਾਰਕੁੰਨਾਂ ਨੂੰ ਕਿਤੋਂ ਖ਼ਬਰ ਮਿਲੀ ਸੀ ਕਿ ਆਟੋ 'ਚ ਸਵਾਰ ਹੋ ਕੇ ਦੋ ਨੌਜਵਾਨ ਤੇ ਇੱਕ ਔਰਤ ਆਪਣੇ ਨਾਲ ਗਊ ਦਾ ਮਾਸ ਲਿਜਾ ਰਹੇ ਹਨ।
ਤਦ ਉਹ ਘਟਨਾ ਸਥਾਨ 'ਤੇ ਪੁੱਜੇ ਤੇ ਤਿੰਨ ਜਣਿਆਂ ਨਾਲ ਡਾਂਗਾਂ ਤੇ ਸੋਟਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੂੰ ਤਾਂ ਇੰਨੀ ਬੇਰਹਿਮੀ ਨਾਲ ਮਾਰਿਆ ਗਿਆ ਕਿ ਵਿਡੀਓ 'ਚ ਵੇਖਣਾ ਵੀ ਔਖਾ ਹੈ। ਉਨ੍ਹਾਂ ਔਰਤ ਨੂੰ ਵੀ ਨਹੀਂ ਬਖ਼ਸ਼ਿਆ।
ਇਸ ਵਾਰਦਾਤ ਬਾਰੇ ਆਲ ਇੰਡੀਆ ਮਜਲਿਸ–ਏ–ਇਤੇਹਾਦੁਲ ਮੁਸਲਮੀਨ ਦੇ ਮੁਖੀ ਅਸਦੁੱਦੀਨ ਉਵੈਸੀ ਦਾ ਪ੍ਰਤੀਕਰਮ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਧਰਮ–ਨਿਰਪੱਖਤਾ ਦਾ ਨਕਾਬ ਹੈ। ਮੁਸਲਮਾਨਾਂ ਉੱਤੇ ਹੋਏ ਹਮਲਿਆਂ ਬਾਰੇ ਟਵੀਟ ਕਰਦਿਆਂ ਸ੍ਰੀ ਉਵੈਸੀ ਨੇ ਕਿਹਾ ਕਿ – 'ਮੋਦੀ ਦੇ ਵੋਟਰਾਂ ਵੱਲੋਂ ਬਣਾਈ ਗਈ ਨਿਗਰਾਨੀ ਕਮੇਟੀ ਦੇ ਮੈਂਬਰ ਮੁਸਲਮਾਨਾਂ ਨਾਲ ਅਜਿਹਾ ਹੀ ਵਿਵਹਾਰ ਕਰਦੇ ਹਨ। ਨਵੇਂ ਭਾਰਤ ਵਿੱਚ ਤੁਹਾਡਾ ਸੁਆਗਤ ਹੈ। ਪ੍ਰਧਾਨ ਮੰਤਰੀ ਆਖਦੇ ਹਨ ਕਿ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਪਰ ਇਹ ਸਭ ਧਰਮ–ਨਿਰਪੱਖਤਾ ਦਾ ਨਕਾਬ ਹੈ।'
Gau Rakshaks on the prowl part two pic.twitter.com/xLdXsRFJky
— Hemender Sharma (@delayedjab) May 24, 2019