ਮਹਾਰਾਸ਼ਟਰ ’ਚ ਸਿਆਸੀ ਜੰਗ ਦੌਰਾਨ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਉੱਤੇ ਸਿਆਸੀ ਨਿਸ਼ਾਨਾ ਲਾਇਆ ਹੈ। ਅੱਜ ਐਤਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਅਜੀਤ ਪਵਾਰ ਨੂੰ ਤੋੜ ਕੇ ਸਰਕਾਰ ਬਣਾਉਣਾ ਭਾਜਪਾ ਲਈ ਉਲਟਾ ਪੈ ਜਾਵੇਗਾ।
ਸ੍ਰੀ ਰਾਉਤ ਨੇ ਕਿਹਾ ਕਿ ਐੱਨਸੀਪੀ ਦੇ ਸਾਰੇ ਵਿਧਾਇਕ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਅਸੀਂ ਵਪਾਰੀ ਸਮਝਦੇ ਸਾਂ ਪਰ ਇਸ ਵਾਰ ਉਹ ਫ਼ੇਲ੍ਹ ਹੋ ਗਏ ਹਨ। ਸਾਡੇ ਕੋਲ 165 ਵਿਧਾਇਕਾਂ ਦੀ ਹਮਾਇਤ ਹੈ। ਪਹਿਲਾਂ ਮੈਂ 170 ਕਿਹਾ ਸੀ ਪਰ 5 ਜਣੇ ਗ਼ਾਇਬ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਤੇ ਇਹ ਗੱਲ ਮਹਾਰਾਸ਼ਟਰ ਦੀ ਜਨਤਾ ਨੂੰ ਪਤਾ ਨਹੀਂ ਸੀ।
ਸ੍ਰੀ ਸੰਜੇ ਰਾਉਤ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਾਲ ਦੌਰਾਨ ਐਮਰਜੈਂਸੀ ਨੂੰ ‘ਕਾਲ਼ਾ ਦਿਨ’ ਆਖਿਆ ਜਾਂਦਾ ਸੀ ਪਰ ਜੋ ਕੱਲ੍ਹ ਮਹਾਰਾਸ਼ਟਰ ’ਚ ਹੋਇਆ, ਉਸ ਤੋਂ ਵੱਡਾ ਕਾਲ਼ਾ ਦਿਨ ਹੋਰ ਕੋਈ ਹੋ ਨਹੀਂ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਅਕਸ ਬਣਿਆ ਹੈ, ਉਸ ਨੂੰ ਇਹ ਭਾਜਪਾ ਦੇ ਲੋਕ ਖ਼ਰਾਬ ਕਰਨ ’ਤੇ ਤੁਲੇ ਹੋਏ ਹਨ।
ਸ੍ਰੀ ਰਾਉਤ ਨੇ ਕਿਹਾ ਕਿ ਜੇ 10 ਮਿੰਟਾਂ ’ਚ ਵੀ ਰਾਜਪਾਲ ਨੇ ਸਾਨੂੰ ਸੱਦਿਆ, ਤਾਂ ਅਸੀਂ ਬਹੁਮੱਤ ਸਿੱਧ ਕਰ ਸਕਦੇ ਹਾਂ। ਸਾਡੇ ਕੋਲ ਬਹੁਮੱਤ ਤਿਆਰ ਹੈ। ਕੱਲ੍ਹ ਦਾ ਦਿਨ ਕਾਲਾ ਸਨਿੱਚਰਵਾਰ ਸੀ। ਜਨਤਾ ਸੁੱਤੀ ਪਈ ਸੀ ਤੇ ਜਦੋਂ ਜਾਗੀ, ਤਾਂ ਪਤਾ ਲੱਗਾ ਕਿ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਨੇ ਤਾਂ ਸਹੁੰ ਵੀ ਚੁੱਕ ਲਈ।
ਸ਼ਿਵ ਸੈਨਾ ਆਗੂ ਨੇ ਭਾਜਪਾ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਰਾਤ ਸਮੇਂ ਅਜਿਹਾ ਕੰਮ ਜੇਬਕਤਰੇ ਕਰਦੇ ਹਨ। ਐੱਨਸੀਪੀ ਤੇ ਸ਼ਿਵ ਸੈਨਾ ਨੂੰ 24 ਘੰਟੇ ਵੀ ਨਹੀਂ ਦਿੰਦੇ ਪਰ ਜੇ ਅਜੀਤ ਪਵਾਰ ਇੱਕ ਫ਼ਰਜ਼ੀ ਦਸਤਾਵੇਜ਼ ਵੀ ਲੈ ਕੇ ਜਾਂਦੇ ਹਨ, ਤਾਂ ਉਸ ਨੂੰ ਮੰਨ ਲਿਆ ਜਾਂਦਾ ਹੈ।
ਅਜੀਤ ਪਵਾਰ ਨੇ ਜੋ ਕੁਝ ਵੀ ਕੀਤਾ, ਉਹ ਪਵਾਰ ਸਾਹਿਬ ਦੀ ਮਰਜ਼ੀ ਨਹੀਂ ਸੀ। ਇਹ ਸਭ ਭਾਜਪਾ ਦਾ ਫੈਲਾਇਆ ਹੋਇਆ ਭਰਮ ਹੈ। ਅਜੀਤ ਪਵਾਰ ਨੇ ਵਿਧਾਇਕਾਂ ਨੂੰ ਫਸਾਇਆ ਤੇ ਅਜੀਤ ਪਵਾਰ ਨੂੰ ਭਾਜਪਾ ਨੇ ਫਸਾਇਆ। ਅਜੀਤ ਪਵਾਰ ਨੇ ਸ਼ਰਦ ਪਵਾਰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਸ੍ਰੀ ਸੰਜੇ ਰਾਉਤ ਨੇ ਕਿਹਾ ਕਿ ਸੀਬੀਆਈ, ਪੁਲਿਸ, ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਅਤੇ ਆਮਦਨ ਟੈਕਸ ਇਹ ਭਾਜਪਾ ਦੇ ਚਾਰ ਮੁੱਖ ਕਾਰਕੁੰਨ ਹਨ।