ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 24 ਫਰਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ 'ਚ ਹੋਣ ਵਾਲੇ ਰੋਡ ਸ਼ੋਅ 'ਚ 25 ਸੀਨੀਅਰ ਆਈਪੀਐਸ ਅਧਿਕਾਰੀਆਂ ਦੀ ਅਗਵਾਈ ਵਿੱਚ 10,000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇੱਕ ਸੀਨੀਅਰ ਅਧਿਕਾਰੀ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਹਿਲੀ ਵਾਰ ਦੋ ਦਿਨੀਂ ਦੌਰੇ 'ਤੇ ਭਾਰਤ ਆ ਰਹੇ ਡੋਨਾਲਡ ਟਰੰਪ ਅਹਿਮਦਾਬਾਦ 'ਚ ਇੱਕ ਰੋਡ ਸ਼ੋਅ ਵਿੱਚ ਸ਼ਾਮਲ ਹੋਣਗੇ ਅਤੇ ਸਾਬਰਮਤੀ ਆਸ਼ਰਮ ਵੀ ਜਾਣਗੇ। ਮੋਟੇਰਾ ਵਿੱਚ ਬਣਾਏ ਗਏ ਨਵੇਂ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਵੀ ਕਰਨਗੇ।
ਡਿਪਟੀ ਕਮਿਸ਼ਨਰ ਪੁਲਿਸ (ਕੰਟਰੋਲ ਰੂਮ) ਵਿਜੇ ਪਟੇਲ ਨੇ ਦੱਸਿਆ ਕਿ 65 ਸਹਾਇਕ ਕਮਿਸ਼ਨਰ, 200 ਇੰਸਪੈਕਟਰ ਅਤੇ 800 ਸਬ-ਇੰਸਪੈਕਟਰਾਂ ਸਮੇਤ 10,000 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਮਰੀਕੀ ਖੁਫੀਆ ਵਿਭਾਗ, ਨੈਸ਼ਨਲ ਸਿਕਿਉਰਿਟੀ ਗਾਰਡ (ਐਨਐਸਜੀ) ਅਤੇ ਵਿਸ਼ੇਸ਼ ਸੁਰੱਖਿਆ ਸਮੂਹ (ਐਸਪੀਜੀ) ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਕਿਲੋਮੀਟਰ ਲੰਮਾ ਰੋਡ ਸ਼ੋਅ ਕਰਨਗੇ, ਜੋ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋ ਕੇ ਸਾਬਰਮਤੀ ਆਸ਼ਰਮ ਅਤੇ ਇੰਦਰਾ ਬ੍ਰਿਜ ਹੁੰਦੇ ਹੋਏ ਮੋਟੇਰਾ ਸਟੇਡੀਅਮ ਤੱਕ ਜਾਵੇਗਾ।
ਵਿਜੇ ਪਟੇਲ ਨੇ ਦੱਸਿਆ ਕਿ ਐਨਐਸਜੀ ਦੀ ਐਂਟੀ ਸਨਾਈਪਰ ਟੀਮ ਵੀ ਰੂਟ 'ਤੇ ਤਾਇਨਾਤ ਕੀਤੀ ਜਾਵੇਗੀ। ਖੋਜੀ ਅਤੇ ਬੰਬ ਡਿਸਫਿਊਜ਼ਲ ਦਸਤਾ ਪਹਿਲਾਂ ਹੀ ਪੂਰੇ ਰਸਤੇ ਦੀ ਜਾਂਚ 'ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਹੋਟਲ 'ਚ ਠਹਿਰਣ ਵਾਲੇ ਨਵੇਂ ਮਹਿਮਾਨਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਸਾਫਟਵੇਅਰ ਇਸਤੇਮਾਲ ਕੀਤਾ ਜਾ ਰਿਹਾ ਹੈ। ਖ਼ਾਸਕਰ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਵਿਦੇਸ਼ ਤੋਂ ਆ ਰਹੇ ਹਨ। ਲਗਭਗ 1.10 ਲੱਖ ਮਹਿਮਾਨਾਂ ਨੂੰ ਨਿੱਜੀ ਤੌਰ 'ਤੇ ਸਟੇਡੀਅਮ' ਚ ਆਉਣ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਹਿਮਾਨਾਂ ਦੇ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।