ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਦੇ ਸ਼ਰਧਾਲੂਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆ ਰਹੀ। ਡੇਰਾ ਸੱਚਾ ਸੌਦਾ ਨੇ ਇੱਕ ਵਾਰ ਫਿਰ ਆਪਣੀਆਂ ਗਤੀਵਿਧੀਆਂ ਦੇ ਨਾਲ ਹੀ ਹੋਰ ਸਮਾਜਿਕ ਕੰਮ ਵੀ ਸ਼ੁਰੂ ਕਰ ਦਿੱਤੇ ਹਨ।
ਹਰਿਆਣਾ ਵਿਚ ਬੰਦ ਪਏ ਨਾਮ ਚਰਚਾ ਘਰ ਹੌਲੀ ਹੌਲੀ ਖੁੱਲ੍ਹਣ ਲੱਗੇ ਹਨ ਅਤੇ ਉਨ੍ਹਾਂ ਵਿਚ ਡੇਰਾ ਪ੍ਰੇਮੀਆਂ ਦਾ ਆਉਣਾ ਜਾਣਾ ਲਗਾਤਾਰ ਵੱਧਣ ਲੱਗਿਆ ਹੈ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਗਿਆ ਕਰੀਬ ਇਕ ਸਾਲ ਹੋਣ ਵਾਲਾ ਹੈ।
ਅਜਿਹੇ ਵਿਚ ਡੇਰਾ ਪ੍ਰੇਮੀਆਂ ਨੂੰ ਉਮੀਦ ਹੈ ਕਿ ਹੋਰ ਕੈਦੀਆਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਵਧੀਆ ਚਾਲ ਚਲਣ ਦੇ ਆਧਾਰ ਉਤੇ ਪੈਰੋਲ ਮਿਲ ਸਕਦੀ ਹੈ। ਜਿਸਦੇ ਚਲਦੇ ਡੇਰਾ ਸੱਚਾ ਸੌਦਾ ਸਿਰਸਾ ਵਿਚ ਹੋਣ ਵਾਲੇ ਹਫਤਾਵਰੀ ਅਤੇ ਮਹੀਨਾਵਰ ਪ੍ਰੋਗਰਾਮਾਂ ਦੌਰਾਨ ਡੇਰਾ ਪ੍ਰੇਮੀਆਂ ਦੀ ਭੀੜ ਪਹਿਲਾਂ ਦੀ ਤਰ੍ਹਾਂ ਜੁੜਨ ਲੱਗੀ ਹੈ।
ਡੇਰੇ ਵਿਚ ਹਫਤਾਵਰੀ ਤੇ ਮਹੀਨਾਵਰ ਸਤਿਸੰਗ ਦੌਰਾਨ ਰਾਮ ਰਹੀਮ ਦੀਆਂ ਪਿਛਲੇ ਸਮੇਂ ਦੌਰਾਨ ਰਿਕਾਰਡ ਕੀਤੀਆਂ ਗਈਆਂ ਵੀਡੀਓ ਸੀਡੀ ਚਲਾਈਆਂ ਜਾਂਦੀਆਂ ਹਨ।
ਨਹੀਂ ਐਲਾਨਿਆਂ ਜਾਵੇਗਾ ਵਾਰਿਸ
ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਦੇ ਜੇਲ੍ਹ ਜਾਣ ਬਾਅਦ ਇਹ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਡੇਰੇ ਦਾ ਅਗਲਾ ਵਾਰਿਸ ਕੌਣ ਹੋਵੇਗਾ?
ਇਨ੍ਹਾਂ ਅਟਕਲਾਂ ਉਤੇ ਰੋਕ ਲਗਾਉਂਦੇ ਹੋਏ ਡੇਰਾ ਸੱਚਾ ਸੌਦਾ ਦੀ ਵਾਈਸ ਚੇਅਰਮੈਨ ਸ਼ੋਭਾ ਇੰਸਾ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਹੀ ਡੇਰਾ ਸੱਚਾ ਸੌਦਾ ਦੇ ਗੱਦੀਨ਼ਸ਼ੀਨ ਹਨ ਅਤੇ ਉਹ ਹੀ ਰਹਿਣਗੇ।