ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਭੰਨੇ ਜਾਣ ਮਗਰੋਂ ਇਹ ਮਾਮਲਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਾਰਾਜ਼ ਲੋਕ ਰਾਮਲੀਲਾ ਮੈਦਾਨ ਤੋਂ ਇਕੱਠੇ ਹੋ ਕੇ ਤੁਗਲਕਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਤੁਰੇ ਪਰ ਲੋਕਾਂ ਦਾ ਗੁੱਸਾ ਰਾਹ ਚ ਹੀ ਚੌਥੇ ਅਸਮਾਨ ’ਤੇ ਪੁੱਜ ਗਿਆ।
ਜਾਣਕਾਰੀ ਮੁਤਾਬਕ ਅੱਧੇ ਰਸਤੇ ਚ ਹੀ ਭੀੜ ਨੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਦੀਆਂ ਗੱਲਾਂ ਨੂੰ ਅੱਖੋਂਪਰੋਖੀ ਕਰਨਾ ਸ਼ੁਰੂ ਕਰ ਦਿੱਤਾ। ਹਮਦਰਦ ਚੌਕ ਪਹੁੰਚਣ 'ਤੇ ਭੀੜ ਇੰਨੀ ਗੁੱਸੇ' ਚ ਆ ਗਈ ਕਿ ਮਾਮਲਾ ਭੜਕ ਗਿਆ ਤੇ ਗੱਲ ਅੱਗਜਨੀ ਤਕ ਪਹੁੰਚ ਗਈ। ਇਸ ਦੌਰਾਨ ਭੀੜ ਨੇ ਕਈ ਇਲਾਕਿਆਂ ਚ ਖਲੋਤੀਆਂ ਲੋਕਾਂ ਦੀਆਂ ਨਿਜੀਆਂ ਗੱਡੀਆਂ ਦੇ ਸ਼ੀਸ਼ੇ ਵੀ ਭੰਨ ਦਿੱਤੇ।
ਇਸ ਤੋਂ ਬਾਅਦ ਤੁਗਲਕਾਬਾਦ ਜਾਣ ਦੀ ਕੋਸ਼ਿਸ਼ ਕਰ ਰਹੀ ਭੀਮ ਆਰਮੀ ਦੇ ਕਾਰਕੁਨਾਂ 'ਤੇ ਪੁਲਿਸ ਨੇ ਡਾਂਗਾਂ ਫੇਰ ਦਿੱਤੀਆਂ ਤੇ ਨਾਲ ਹੀ ਪ੍ਰਦਰਸ਼ਨਕਾਰੀ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਵੀ ਕੀਤੀ ਗਈ। ਇਸ ਦੌਰਾਨ ਸੜਕ 'ਤੇ ਭਾਰੀ ਜਾਮ ਲੱਗ ਗਿਆ ਤੇ ਕਈ ਵਾਹਨ ਇਸ ਚ ਫਸ ਗਏ। ਇਸ ਦੌਰਾਨ ਕਈ ਸਕੂਲੀ ਵਾਹਨ ਜਾਮ ਚ ਫਸ ਗਏ ਜਿਸ ਕਾਰਨ ਛੋਟੇ ਬੱਚਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪਈ।
ਭੀੜ ਜੰਤਰ-ਮੰਤਰ ਵਿਖੇ ਪਹੁੰਚੀ ਤੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਚ ਜੁਟੀ ਹੈ। ਇਸ ਚ ਸ਼ਾਮਲ ਲੋਕ ਕਾਫ਼ੀ ਗੁੱਸੇ ਚ ਜਾਪਦੇ ਹਨ ਤੇ ਨਾਲ ਹੀ ਜ਼ਿਆਦਾਤਰ ਲੋਕਾਂ ਦੇ ਹੱਥਾਂ ਵਿਚ ਡੰਡੇ ਵੀ ਹਨ। ਇਸ ਦੌਰਾਨ ਸੁਰੱਖਿਆ ਲਈ ਪੁਲਿਸ ਫ਼ੋਰਸ ਜਾਂ ਸੁਰੱਖਿਆ ਬਲਾਂ ਨੂੰ ਤਾਇਨਾਤ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਸਾਰਿਆਂ ਨੂੰ ਕਿਸੇ ਨਾ ਕਿਸੇ ਭਾਜੜਾਂ ਦੀ ਫਿਕਰ ਪਈ ਹੋਈ ਹੈ।
ਦਸਿਆ ਗਿਆ ਹੈ ਕਿ ਤੁਗਲਕਾਬਾਦ ਦੇ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ਵਿੱਚ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਹੀ ਭੀਮ ਆਰਮੀ ਦੇ ਕਾਰਕੁਨ ਰੇਲ ਅਤੇ ਬਸਾਂ ਰਾਹੀਂ ਰਵਾਨਾ ਹੋਏ ਸਨ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹੁਕਮ ਦਿੱਤਾ ਸੀ ਕਿ ਤੁਗਲਕਾਬਾਦ ਜੰਗਲੀ ਖੇਤਰ ਚ ਢਾਹੇ ਗਏ ਗੁਰੂ ਰਵੀਦਾਸ ਮੰਦਰ ਦੇ ਮਸਲੇ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਅਦਾਲਤ ਨੇ ਦਿੱਲੀ, ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਹਦਾਇਤ ਕੀਤੀ ਸੀ ਕਿ ਉਹ ਇਸ ਮਾਮਲੇ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਾ ਦੇਣ ਅਤੇ ਸਰਕਾਰਾਂ ਨੂੰ ਇਸ ਲਈ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।
.