ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਹੀ ਇਸ ਉੱਤੇ ਕੋਈ ਅੰਤਮ ਫ਼ੈਸਲਾ ਲਿਆ ਜਾਵੇਗਾ। ਸੂਤਰਾਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ, ਭਾਰਤੀ ਹਜ ਕਮੇਟੀ ਨੇ ਇੱਕ ਸਰਕੂਲਰ ਰਾਹੀਂ ਚੁਣੇ ਗਏ ਲੋਕਾਂ ਨੂੰ ਹਜ-2020 'ਤੇ ਜਾਣ ਲਈ ਕਿਹਾ ਹੈ ਜੋ ਹਜ 'ਤੇ ਜਾਣਾ ਨਹੀਂ ਚਾਹੁੰਦੇ ਉਹ ਆਪਣਾ ਪੈਸਾ ਵਾਪਸ ਲੈ ਸਕਦੇ ਹਨ।
ਇੱਕ ਸੂਤਰ ਨੇ ਕਿਹਾ ਕਿ ਸਾਊਦੀ ਅਰਬ ਵਿੱਚ ਵੀ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਥੋਂ ਦੋ ਲੱਖ ਲੋਕਾਂ ਨੇ ਜਾਣਾ ਹੈ। ਸਾਡੀਆਂ ਤਿਆਰੀਆਂ ਸਨ, ਪਰ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਅਸੀਂ ਸਾਊਦੀ ਅਰਬ ਤੋਂ ਅਧਿਕਾਰਤ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਭਾਰਤ ਤੋਂ ਹਜ ਜਾਣ ਵਾਲੇ ਲੋਕਾਂ ਦੀ ਬਹੁਤ ਘੱਟ ਸੰਭਾਵਨਾ ਹੈ। ਹਜ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਕਸੂਦ ਅਹਿਮਦ ਖ਼ਾਨ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ ਹਜ-2020 ਵਿੱਚ ਕੁਝ ਹਫ਼ਤਿਆਂ ਦਾ ਸਮਾਂ ਬਚਿਆ ਹੈ ਅਤੇ ਹੁਣ ਤੱਕ ਸਾਊਦੀ ਅਰਬ ਵੱਲੋਂ ਅੱਗੇ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਜਿਹੀ ਸਥਿਤੀ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਜਮ੍ਹਾਂ ਕੀਤੀ ਗਈ ਰਕਮ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ ਜੋ ਹੱਜ ਯਾਤਰਾ ਲਈ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪੈਸੇ ਬਿਨਾਂ ਕਿਸੇ ਕਟੌਤੀ ਦੇ ਲੋਕਾਂ ਨੂੰ ਵਾਪਸ ਕਰ ਦਿੱਤੇ ਜਾਣਗੇ।
ਮਹੱਤਵਪੂਰਨ ਗੱਲ ਇਹ ਹੈ ਕਿ ਸਾਊਦੀ ਅਰਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਉੱਥੋਂ ਦੀ ਸਰਕਾਰ ਨੇ ਹੁਣ ਤੱਕ ਹਜ ਦੇ ਸਬੰਧ ਵਿੱਚ ਕੋਈ ਅੰਤਮ ਫ਼ੈਸਲਾ ਨਹੀਂ ਲਿਆ ਹੈ। ਇਸ ਦੌਰਾਨ ਕੁਝ ਦੇਸ਼ਾਂ ਨੇ ਇਸ ਵਾਰ ਆਪਣੇ ਲੋਕਾਂ ਨੂੰ ਹਜ ਲਈ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਇੰਡੋਨੇਸ਼ੀਆ ਹੈ, ਜੋ ਵਿਸ਼ਵ ਵਿੱਚ ਸਭ ਤੋਂ ਵੱਧ ਮੁਸਲਮਾਨ ਆਬਾਦੀ ਵਾਲਾ ਦੇਸ਼ ਹੈ। ਹਜ 2020 ਜੁਲਾਈ ਦੇ ਅਖੀਰ ਅਤੇ ਅਗਸਤ ਦੀ ਸ਼ੁਰੂਆਤ ਦਰਮਿਆਨ ਪ੍ਰਸਤਾਵਿਤ ਹੈ।
..........................