ਅਗਲੀ ਕਹਾਣੀ

ਛੱਤੀਸਗੜ੍ਹ 'ਚ ਮਿਲੀ ਔਰਤ ਦੀ ਅੱਧਸੜੀ ਲਾਸ਼

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ, ਹੱਤਿਆ ਅਤੇ ਸਾੜ ਦੇਣ ਦੀ ਦਿਲ ਦਹਿਲਾਉਣ ਵਾਲੇ ਮਾਮਲੇ ਨੇ ਦੇਸ਼ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਟਨਾ ਦੀ ਦਰਿੰਦਗੀ ਨੂੰ ਵੇਖਦਿਆਂ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਅਤੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗ ਰਹੇ ਹਨ। ਇਸ ਘਟਨਾ ਦੇ ਵਿਰੋਧ 'ਚ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਜਾਰੀ ਹੈ। 
 

ਇਸ ਵਿਚਕਾਰ ਛੱਤੀਸਗੜ੍ਹ ਦੇ ਬਲਰਾਮਪੁਰ 'ਚ ਇੱਕ ਔਰਤ ਦੀ ਅੱਧਸੜੀ ਲਾਸ਼ ਬਰਾਮਦ ਹੋਈ ਹੈ। ਬਲਰਾਮਪੁਰ ਦੇ ਰਾਜਪੁਰ ਦੇ ਮੁਰਕਾ ਪਿੰਡ 'ਚ ਔਰਤ ਦੀ ਅੱਧਸੜੀ ਲਾਸ਼ ਮਿਲਣ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ। ਬਲਰਾਮਪੁਰ ਦੇ ਐਸ.ਪੀ. ਟੀ.ਆਰ. ਕੋਸ਼ਿਮਾ ਦਾ ਕਹਿਣਾ ਹੈ ਕਿ ਹੁਣ ਤਕ ਔਰਤ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਪੋਸਟਮਾਰਟਮ ਰਿਪੋਰਟ ਛੇਤੀ ਸਾਹਮਣੇ ਆ ਜਾਵੇਗੀ। ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਮਾਮਲਾ ਬਲਾਤਕਾਰ ਦਾ ਹੈ ਜਾਂ ਨਹੀਂ। ਪੁਲਿਸ ਨੇ ਇਹ ਵੀ ਸੰਭਾਵਨਾ ਜਤਾਈ ਹੈ ਕਿ ਔਰਤ ਦੀ ਲਾਸ਼ ਨੂੰ ਬਾਹਰੋਂ ਲਿਆ ਕੇ ਇੱਥੇ ਸੁੱਟਿਆ ਗਿਆ ਹੋ ਸਕਦਾ ਹੈ। 
 

ਜ਼ਿਕਰਯੋਗ ਹੈ ਕਿ ਬੀਤੀ 28 ਨਵੰਬਰ ਨੂੰ ਹੈਦਰਾਬਾਦ-ਬੰਗਲੁਰੂ ਹਾਈਵੇਅ 'ਤੇ ਮਹਿਲਾ ਸਰਕਾਰੀ ਡਾਕਟਰ ਦੀ ਲਾਸ਼ ਮਿਲੀ ਸੀ। ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਸਾੜ ਕੇ ਇਕ ਪੁੱਲ ਹੇਠਾਂ ਸੁੱਟ ਦਿੱਤਾ ਸੀ। ਹੈਦਰਾਬਾਦ ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਉਕਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਟਰੱਕ ਡਰਾਈਵਰ ਅਤੇ ਕਲੀਨਰ ਹਨ। ਇਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਮਹਿਲਾ ਡਾਕਟਰ ਨੂੰ 7 ਘੰਟੇ ਤਕ ਬੰਦੀ ਬਣਾ ਕੇ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ 30 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ ਸੀ।
 

ਵੈਟਰਨਰੀ ਡਾਕਟਰ ਸ਼ਾਦਨਗਰ 'ਚ ਰਹਿੰਦੀ ਸੀ ਅਤੇ ਇੱਥੋਂ ਲਗਭਗ 30 ਕਿਲੋਮੀਟਰ ਦੂਰ ਸ਼ਮਸਾਬਾਦ 'ਚ ਇੱਕ ਵੈਟਰਨਰੀ ਹਸਪਤਾਲ 'ਚ ਕੰਮ ਕਰਦੀ ਸੀ। ਉਹ ਰੋਜ਼ਾਨਾ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ 'ਤੇ ਸਥਿਤ ਤੋਂਡੁਪੱਲੀ ਟੋਲ ਪਲਾਜ਼ਾ 'ਤੇ ਆਪਣੀ ਸਕੂਟੀ ਪਾਰਕ ਕਰਦੀ ਸੀ ਅਤੇ ਇੱਥੋਂ ਕੈਬ ਲੈ ਕੇ ਹਸਪਤਾਲ ਤੱਕ ਜਾਂਦੀ ਸੀ। ਡਾਕਟਰ ਨਾਲ ਬੁੱਧਵਾਰ ਰਾਤ ਤੋਂ ਵੀਰਵਾਰ ਤੜਕੇ ਤਕ ਬਲਾਤਕਾਰ ਹੋਇਆ। ਪੁਲਿਸ ਨੇ ਚਾਰਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Half burnt body of woman found in Rajpur