ਅਹਿਮਦਾਬਾਦ ਦੀ ਸੈਸ਼ਨ ਅਦਾਲਤ ਨੇ ਸਾਲ 2015 ਦੇ ਇਕ ਦੇਸ਼ ਧ੍ਰੋਹ ਦੇ ਮਾਮਲੇ `ਚ ਪਾਟੀਦਾਰ ਓਬੀਸੀ ਰਾਖਵਾਂਕਰਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਦੇ ਖਿਲਾਫ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਹਾਰਦਿਕ ਪਟੇਲ ਦੇ ਦੋ ਹੋਰ ਸਾਥੀਆਂ ਦਿਨੇਸ਼ ਬੰਭਾਨੀਆ ਅਤੇ ਚਿਰਾਗ ਪਟੇਲ ਦੇ ਖਿਲਾਫ ਵੀ ਦੋਸ਼ ਤੈਅ ਕੀਤੇ ਹਨ। ਸਾਲ 2015 `ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਬਾਅਦ ਗੁਜਰਾਤ ਦੇ ਕਈ ਜਿ਼ਲ੍ਹਿਆਂ `ਚ ਹਿੰਸਾ ਭੜਕ ਗਈ ਸੀ।
ਅਦਾਲਤ ਨੇ ਅਹਿਮਦਾਬਾਦ ਕਰਾਈਮ ਬ੍ਰਾਂਚ ਵੱਲੋਂ ਦਾਇਰ 18 ਪੇਜ਼ ਦੇ ਆਰੋਪ ਪੱਤਰ ਪੜ੍ਹਦੇ ਸਮੇਂ ਧਾਰਾ 124 (ਏ) (ਰਾਜਧ੍ਰੋਹ) ਅਤੇ 120 (ਬੀ) (ਆਪਰਾਧਿਕ ਸਾਜਿਸ਼) ਦੇ ਦੋਸ਼ ਤੈਅ ਕੀਤੇ। ਤਿੰਨਾਂ ਨੂੰ ਪਟੇਲ ਰਾਖਵਾਂਕਰਨ ਨੂੰ ਲੈ ਕੇ ਸਰਕਾਰ `ਤੇ ਦਬਾਅ ਪਾਉਣ ਲਈ ਹਿੰਸਾ ਭੜਕਾਉਣ ਦਾ ਦੋਸ਼ੀ ਵੀ ਬਣਾਇਆ ਗਿਆ ਹੈ।
ਤਿੰਨਾਂ ਨੇ ਖੁਦ ਨੂੰ ਨਿਰਦੋਸ਼ ਦੱਸਿਆ ਅਤੇ ਫਿਲਹਾਲ ਤਿੰਨੇ ਜਮਾਨਤ `ਤੇ ਹਨ।
ਹਾਰਦਿਕ ਨੇ ਅਦਾਲਤ ਤੋਂ ਬਾਹਰ ਆ ਕੇ ਕਿਹਾ ਕਿ ਮੇਰੇ ਖਿਲਾਫ ਰਾਜਧ੍ਰੋਹ, ਸਰਕਾਰ ਦੇ ਖਿਲਾਫ ਯੁੱਧ ਛੇੜਨ, ਲੋਕਾਂ ਨੂੰ ਉਕਸਾਉਣ ਦੇ ਦੋਸ਼ ਤੈਅ ਕੀਤੇ ਗਏ ਹਨ, ਮੈਨੂੰ ਨਿਆਂ ਪਾਲਿਕਾ `ਤੇ ਪੂਰਾ ਭਰੋਸਾ ਹੈ। ਜ਼ਰੂਰਤ ਪਈ ਤਾਂ ਉਪਰਲੀ ਅਦਾਲਤ ਜਾਣਗੇ।