ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਪਰੇਸ਼ਾਨ ਅਮਰਨਾਥ ਯਾਤਰੀਆਂ ਦੇ ਹੋ ਰਹੇ ਬੇਲੋੜੇ ਖ਼ਰਚੇ

ਕਸ਼ਮੀਰ ’ਚ ਪਰੇਸ਼ਾਨ ਅਮਰਨਾਥ ਯਾਤਰੀਆਂ ਦੇ ਹੋ ਰਹੇ ਬੇਲੋੜੇ ਖ਼ਰਚੇ

ਜੰਮੂ–ਕਸ਼ਮੀਰ ਪ੍ਰਸ਼ਾਸਨ ਨੇ ਜਿਸ ਤਰੀਕੇ ਨਾਲ ਅਮਰਨਾਥ ਯਾਤਰੀਆਂ ਨੂੰ ਤੁਰੰਤ ਵਾਪਸ ਚਲੇ ਜਾਣ ਦੀ ਸਲਾਹ ਦਿੱਤੀ ਤੇ ਜਿਵੇਂ ਕੇਂਦਰ ਸਰਕਾਰ ਨੇ ਪਿਛਲੇ ਇੱਕ ਹਫ਼ਤੇ ਅੰਦਰ ਹੀ ਕਸ਼ਮੀਰ ਵਾਦੀ ਵਿੱਚ ਨੀਮ ਫ਼ੌਜੀ ਬਲਾਂ ਦੇ 38,000 ਜਵਾਨ ਭੇਜੇ; ਉਸ ਨਾਲ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਵਿੱਚ ਹੀ ਨਹੀਂ, ਸਗੋਂ ਹੋਰ ਹਜ਼ਾਰਾਂ ਸੈਲਾਨੀਆਂ ਤੇ ਕਸ਼ਮੀਰ ਦੇ ਵੱਖੋ–ਵੱਖਰੇ ਸੰਸਥਾਨਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵਿੱਚ ਭਾਜੜ ਮਚ ਗਈ। ਹਰੇਕ ਵਿਅਕਤੀ ਵਿੱਚ ਦੂਜੇ ਤੋਂ ਪਹਿਲਾਂ ਕਸ਼ਮੀਰ ਵਾਦੀ ’ਚੋਂ ਬਾਹਰ ਨਿੱਕਲ ਜਾਣ ਤੇ ਆਪਣੇ ਘਰ ਪਰਤਣ ਦੀ ਇੱਕ ਦੌੜ ਜਿਹੀ ਲੱਗ ਗਈ।

 

 

ਸਰਕਾਰ ਦੇ ਇਸ ਤਤਫੱਟ ਐਲਾਨ ਦਾ ਲਾਹਾ ਇਸ ਵੇਲੇ ਵਪਾਰੀ ਕਿਸਮ ਦੇ ਟਰਾਂਸਪੋਰਟਰ ਵੱਡੇ ਪੱਧਰ ਉੱਤੇ ਲੈ ਰਹੇ ਹਨ। ਜਿਹੜੇ ਅਮਰਨਾਥ ਯਾਤਰੀ ਨੇ 1,500 ਰੁਪਏ ’ਚ ਉੱਤਰ ਪ੍ਰਦੇਸ਼ ਮੁੜ ਜਾਣਾ ਸੀ; ਉਸ ਤੋਂ ਹੁਣ ਉਸੇ ਦੂਰੀ ਲਈ ਪ੍ਰਾਈਵੇਟ ਬੱਸਾਂ ਤੇ ਟੈਕਸੀਆਂ ਅਤੇ ਹੋਰ ਕਾਰਾਂ ਜਾਂ ਵਾਹਨਾਂ ਦੇ ਡਰਾਇਵਰ ਤੇ ਮਾਲਕ ਕਈ ਗੁਣਾ ਵੱਧ ਰੁਪਏ ਤੱਕ ਮੰਗ ਰਹੇ ਦੱਸੇ ਜਾਂਦੇ ਹਨ। ਸ਼ਰਧਾਲੂ ਵੀ ਖ਼ੁਦ ਛੇਤੀ ਤੋਂ ਛੇਤੀ ਕਸ਼ਮੀਰ ਵਾਦੀ ਵਿੱਚੋਂ ਬਾਹਰ ਨਿੱਕਲ ਜਾਣ ਲਈ ਖ਼ੁਦ ਹੀ ਟਰਾਂਸਪੋਰਟਰਾਂ ਨੂੰ ਵੱਧ ਪੈਸਿਆਂ ਦੀ ਪੇਸ਼ਕਸ਼ ਕਰ ਰਹੇ ਹਨ।

 

 

ਕਰਫ਼ਿਊ ਲੱਗਣ ਦੇ ਡਰ ਤੋਂ ਲੋਕਾਂ ਨੇ ਕਿਉਂਕਿ ਵੱਡੀ ਮਾਤਰਾ ’ਚ ਰਾਸ਼ਨ, ਦਾਲ਼ਾਂ ਤੇ ਹੋਰ ਜ਼ਰੂਰੀ ਵਰਤੋਂ ਵਾਲਾ ਸਾਮਾਨ ਖ਼ਰੀਦ ਲਿਆ ਹੈ; ਇਸ ਕਾਰਨ ਬਾਜ਼ਾਰ ਵਿੱਚ ਅਜਿਹੇ ਸਾਮਾਨ ਦੀ ਘਾਟ ਪੈਦਾ ਹੋ ਗਈ ਹੈ; ਜਿਸ ਕਾਰਨ ਮਹਿੰਗਾਈ ਵੀ ਵਧ ਗਈ ਹੈ ਤੇ ਕੁਝ ਦੁਕਾਨਦਾਰ ਖਾਣ–ਪੀਣ ਦੀਆਂ ਵਸਤਾਂ ਵੀ ਸ਼ਰਧਾਲੂਆਂ ਨੂੰ ਮਹਿੰਗੇ ਭਾਅ ਵੇਚ ਰਹੇ ਦੱਸੇ ਜਾਂਦੇ ਹਨ।

 

 

ਇੰਝ ਅਚਾਨਕ ਐਲਾਨ ਕਰ ਕੇ ਆਮ ਜਨਤਾ ਵਿੱਚ ਭਾਜੜਾਂ ਪਾ ਦੇਣਾ ਕਿਸੇ ਵਧੀਆ ਪ੍ਰਸ਼ਾਸਨ ਦੀ ਨਿਸ਼ਾਨੀ ਨਹੀਂ ਮੰਨਿਆ ਜਾ ਸਕਦਾ। ਅਮਰਨਾਥ ਯਾਤਰੀਆਂ ਨੂੰ ਪਹਿਲਾਂ ਕਦੇ ਵੀ ਇੰਝ ਆਪਣੀ ਪਵਿੱਤਰ ਤੀਰਥ–ਯਾਤਰਾ ਅਧਵਾਟੇ ਨਹੀਂ ਛੱਡਣਾ ਪਿਆ। ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਦਾ ਖ਼ਤਰਾ ਅੱਜ ਤੋਂ ਨਹੀਂ, ਸਗੋਂ ਪਿਛਲੇ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ ਪਰ ਕਦੇ ਵੀ ਅਜਿਹੇ ਮਾੜੇ ਪ੍ਰਸ਼ਾਸਨਿਕ ਐਲਾਨ ਜਾਂ ਫ਼ੈਸਲੇ ਨਹੀਂ ਹੋਏ।

 

 

ਸ੍ਰੀਨਗਰ ਦੇ ਹਵਾਈ ਅੱਡੇ, ਬੱਸ ਅੱਡੇ, ਰੇਲਵੇ ਸਟੇਸ਼ਨ ਉੱਤੇ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨ ਹੁੰਦਿਆਂ ਵੇਖਿਆ ਜਾ ਸਕਦਾ ਹੈ।

 

 

ਪਰ ਅਜਿਹੇ ਸਮੇਂ ਦੌਰਾਨ ਵੀ ਕਈ ਮੁਸਲਿਮ ਵਿਅਕਤੀਆਂ ਤੇ ਪਰਿਵਾਰਾਂ ਨੇ ਅਮਰਨਾਥ ਯਾਤਰੀਆਂ ਤੇ ਫਸੇ ਹੋਰ ਸ਼ਰਧਾਲੂਆਂ ਲਈ ਆਪਣੇ ਘਰਾਂ ਦੇ ਦਰ ਖੋਲ੍ਹ ਦਿੱਤੇ ਹਨ। ਇਹੋ ਹੈ ਅਸਲ ਕਸ਼ਮੀਰੀਅਤ। ਇੱਕ ਸੱਚੇ ਕਸ਼ਮੀਰੀ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਪਰ ਸੌੜੀ ਸਿਆਸਤ ਉਸ ਨੂੰ ਛੋਟਾ ਕਰ ਕੇ ਵਿਖਾਉਣ ਦੇ ਜਤਨਾਂ ਵਿੱਚ ਹੈ।

 

 

ਸਮੁੱਚੇ ਦੇਸ਼ ਦੇ ਹਿੰਦੂ ਸ਼ਰਧਾਲੂ ਤਾਂ ਸ਼ਾਇਦ ਕਦੇ ਕਈ ਸਾਲਾਂ ਪਿੱਛੋਂ ਅਮਰਨਾਥ ਯਾਤਰਾ ਕਰਨ ਲਈ ਸਮਾਂ ਕਢਦੇ ਹਨ ਪਰ ਕਸ਼ਮੀਰ ਦੇ ਗ਼ਰੀਬ ਮੁਸਲਿਮ ਉਨ੍ਹਾਂ ਹਿੰਦੂ ਸ਼ਰਧਾਲੂਆਂ ਦੇ ਬਜ਼ੁਰਗਾਂ ਨੂੰ ਆਪਣੇ ਖੱਚਰਾਂ ਉੱਤੇ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਲੈ ਕੇ ਜਾਂਦੇ ਹਨ। ਇਹ ਮੁਸਲਿਮ ਮਜ਼ਦੂਰ ਖ਼ੁਦ ਸਾਰਾ ਰਸਤਾ ਪੈਦਲ ਤਹਿ ਕਰਦੇ ਹਨ ਤੇ ਇੱਕ ਸੀਜ਼ਨ ਵਿੱਚ ਸ਼ਾਇਦ ਦੋ ਵਾਰ ਤਾਂ ਜ਼ਰੂਰ ਅਮਰਨਾਥ ਦੀ ਯਾਤਰਾ ਉੱਤੇ ਜਾ ਆਉ਼ਦੇ ਹਨ।

 

 

ਇਸ ਲਈ ਸੌੜੀ ਸਿਆਸਤ ਨੂੰ ਰਤਾ ਠਰੰਮ੍ਹੇ ਨਾਲ ਸੋਚਣ ਦੀ ਲੋੜ ਹੈ ਕਿ ਕੌਣ ਮਹਾਨ ਹੈ – ਸਾਲਾਂ ਬਾਅਦ ਕਦੇ ਅਮਰਨਾਥ ਦੀ ਯਾਤਰਾ ਉੱਤੇ ਜਾਣ ਵਾਲਾ ਜਾਂ ਹਰ ਸਾਲ ਦੋ–ਤਿੰਨ ਵਾਰ ਉਸ ਪਵਿੱਤਰ ਅਸਥਾਨ ਦੀ ਯਾਤਰਾ ਕਰਨ ਵਾਲਾ ਤੇ ਆਪਣੇ ਸਾਧਨਾਂ ਰਾਹੀਂ ਹੋਰ ਸ਼ਰਧਾਲੂਆਂ ਨੂੰ ਪਵਿੱਤਰ ਗੁਫ਼ਾ ਵਿੱਚ ਪੁੱਜਣ ਲਈ ਮਦਦ ਕਰਨ ਵਾਲਾ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harrassed Amarnath Pilgrims have to bear big unwanted expenses