ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀਆਂ ਤਿੰਨ ਸ਼ਖ਼ਸੀਅਤਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ।
ਬੀਬਾ ਹਰਸਿਮਰਤ ਕੌਰ ਬਾਦਲ ਨੂੰ ਉਨ੍ਹਾਂ ਦਾ ਪੁਰਾਣਾ ਫ਼ੂਡ ਪ੍ਰਾਸੈਸਿੰਗ ਉਦਯੋਗ ਮੰਤਰਾਲਾ ਹੀ ਦਿੱਤਾ ਗਿਆ ਹੈ।
ਸ੍ਰੀ ਹਰਦੀਪ ਸਿੰਘ ਪੁਰੀ ਨੂੰ ਦੋ ਮੰਤਰਾਲਿਆਂ – ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਆਜ਼ਾਦ ਚਾਰਜ ਸੌਂਪਿਆ ਗਿਆ ਹੈ; ਜਦ ਕਿ ਵਣਜ ਤੇ ਉਦਯੋਗ ਮੰਤਰਾਲੇ ਦੇ ਉਹ ਰਾਜ ਮੰਤਰੀ ਰਹਿਣਗੇ। ਵਣਜ ਤੇ ਉਦਯੋਗ ਮੰਤਰਾਲਾ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ ਕੋਲ ਹੈ।
ਉੱਧਰ ਸ੍ਰੀ ਸੋਮ ਪ੍ਰਕਾਸ਼ ਨੂੰ ਵੀ ਸ੍ਰੀ ਪੀਯੂਸ਼ ਗੋਇਲ ਦੇ ਅਧੀਨ ਵਣਜ ਤੇ ਉਦਯੋਗ ਰਾਜ ਮੰਤਰੀ ਬਣਾਇਆ ਗਿਆ ਹੈ।
ਪੰਜਾਬ ਵਾਸੀਆਂ ਨੂੰ ਇਸ ਵਾਰ ਡਾਢੀ ਖ਼ੁਸ਼ੀ ਹੋਈ ਹੈ ਕਿ ਐਤਕੀਂ ਤਿੰਨ ਪੰਜਾਬੀਆਂ ਨੂੰ ਮੋਦੀ ਵਜ਼ਾਰਤ ਵਿੱਚ ਜਗ੍ਹਾ ਮਿਲੀ ਹੈ।
ਸ੍ਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਹਲਕੇ ਤੋਂ ਐੱਮਪੀ ਬਣੇ ਸਨ, ਜਦ ਕਿ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਸ੍ਰੀ ਹਰਦੀਪ ਸਿੰਘ ਪੁਰੀ ਨੂੰ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਹਰਾ ਦਿੱਤਾ ਸੀ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਤੋਂ ਤਿੰਨ ਵਾਰ ਐੱਮਪੀ ਚੁਣੇ ਗਏ ਹਨ। ਇਸ ਵਾਰ ਵੀ ਉਹ ਇਸੇ ਹਲਕੇ ਤੋਂ ਚੋਣ ਜਿੱਤੇ ਹਨ।