ਮੇਰਠ ਪੁਲਿਸ ਦੀ ਐਂਟੀ ਹਿਊਮਨ ਟ੍ਰੈਫ਼ਿਕਿੰਗ ਯੂਨਿਟ ਨੇ ਟੀਪੀ ਨਗਰ ਇਲਾਕੇ ਦੇ ਇੱਕ ਮਕਾਨ ’ਚ ਚੱਲ ਰਹੇ ਦੇਹ–ਵਪਾਰ ਦੇ ਅੱਡੇ ਦਾ ਪਰਦਾਫ਼ਾਸ਼ ਕੀਤਾ ਹੈ। ਇੱਥੋਂ ਇੱਕ ਹਰਿਆਣਵੀ ਡਾਂਸਰ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਹ–ਵਪਾਰ ਦਾ ਧੰਦਾ ਕਰਨ ਵਾਲੇ ਨੌਜਵਾਨ ਨੇ ਇਸ ਧੰਦੇ ’ਚ ਆਪਣੀ ਨਾਬਾਲਗ਼ ਧੀ ਤੇ ਪਤਨੀ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ। ਇਨ੍ਹਾਂ ਸਾਰਿਆਂ ਵਿਰੁੱਧ ਦੇਹ ਵਪਾਰ ਕਾਨੂੰਨ ਅਧੀਨ ਮੁਕੱਦਮਾ ਦਰਜ ਹੋ ਗਿਆ ਹੈ।
ਐਂਟੀ ਹਿਊਮਨ ਟ੍ਰੈਫ਼ਿਕਿੰਗ ਯੂਨਿਟ ਦੇ ਇੰਚਾਰਜ ਇੰਸਪੈਕਟਰ ਬ੍ਰਜੇਸ਼ ਕੁਮਾਰ ਨੇ ਦੱਸਿਆ ਕਿ ਟੀਪੀ ਨਗਰ ਥਾਣਾ ਇਲਾਕੇ ’ਚ ਰੋਹਟਾ ਰੋਡ ਸਥਿਤ ਹਰਦੇਵ ਨਗਰ ਦੇ ਇੱਕ ਮਕਾਨ ’ਚ ਦੇਹ–ਵਪਾਰ ਦਾ ਧੰਦਾ ਚੱਲਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਉਸ ਮਕਾਨ ਉੱਤੇ ਪਿਛਲੇ 15 ਦਿਨ ਲਗਾਤਾਰ ਨਜ਼ਰ ਰੱਖੀ।
ਉਸ ਤੋਂ ਬਾਅਦ ਪੱਕੇ ਸਬੂਤ ਇਕੱਠੇ ਕਰ ਕੇ ਸ਼ੁੱਕਰਵਾਰ ਦੁਪਹਿਰ ਛਾਪਾ ਮਾਰਿਆ ਗਿਆ। ਮੌਕੇ ’ਤੇ ਇਸ ਦੇਹ ਵਪਾਰ ਦੇ ਸਰਗਨੇ ਪ੍ਰਸ਼ਾਂਤ ਵਾਲੀਆ ਨਿਵਾਸੀ ਨਵੀਂ ਮੰਡੀ ਮੁਜ਼ੱਫ਼ਰਨਗਰ ਤੇ ਗਾਹਕ ਅਰਜੁਨ ਨਿਵਾਸੀ ਕੰਕਰਖੇੜਾ ਸਮੇਤ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ।
ਜਿਸ ਮਕਾਨ ’ਚ ਦੇਹ ਵਪਾਰ ਦਾ ਇਹ ਅੱਡਾ ਚੱਲ ਰਿਹਾ ਸੀ; ਉਹ ਨੀਟੂ ਕੁਮਾਰ ਦਾ ਹੈ। ਉਸ ਨੇ ਇਹ ਮਕਾਨ ਪ੍ਰਸ਼ਾਂਤ ਨੂੰ 4,000 ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਦਿੱਤਾ ਹੋਇਆ ਸੀ। ਪ੍ਰਸ਼ਾਂਤ ਦੇ ਇਸ ਧੰਦੇ ’ਚ ਉਸ ਦੀ ਨਾਬਾਲਗ਼ ਸੌਤੇਲੀ ਧੀ ਤੇ ਪਤਨੀ ਵੀ ਜੁੜੀਆਂ ਹੋਈਆਂ ਹਨ।
ਮੌਕੇ ’ਤੇ ਇੱਕ ਹਰਿਆਣਵੀ ਡਾਂਸਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਮੂਲ ਰੂਪ ਵਿੱਚ ਮੇਰਠ ਦੇ ਮਵਾਨਾ ਦੇ ਇਕਰਾਮਨਗਰ ਦੀ ਰਹਿਣ ਵਾਲੀ ਹੈ।
ਯੂ–ਟਿਊਬ ਉੱਤੇ ਉਸ ਦੇ ਹਰਿਆਣਵੀ ਗੀਤਾਂ ਉੱਤੇ ਡਾਂਸ ਦੇ ਵਿਡੀਓ ਉਪਲਬਧ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਭਨਾਂ ਵਿਰੁੱਧ ਗ਼ੈਰ–ਨੇਤਿਕ ਦੇਹ ਵਪਾਰ ਕਾਨੂੰਨ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੌਕੇ ’ਤੇ ਭਾਰੀ ਮਾਤਰਾ ’ਚ ਕੁਝ ਹੋਰ ਇਤਰਾਜ਼ਯੋਗ ਵਸਤਾਂ ਵੀ ਮਿਲੀਆਂ ਹਨ।