ਵਿਸ਼ਵ ਸਿਹਤ ਸੰਗਠਨ ਵੱਲੋਂ ਨਵੇਂ ਕੋਰੋਨੋ ਵਾਇਰਸ (ਕੋਵਿਡ -19) ਨੂੰ ਮਹਾਂਮਾਰੀ ਐਲਾਨਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਵੀਰਵਾਰ ਨੂੰ ਮਾਰੂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ।
ਕੋਰੋਨਾ ਨੂੰ ਮਹਾਂਮਾਰੀ ਐਲਾਨਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੋਵਿਡ -19 ਨੂੰ ਹਰਿਆਣਾ ਵਿੱਚ ਇੱਕ ਮਹਾਂਮਾਰੀ ਐਲਾਨਿਆ ਗਿਆ ਹੈ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ 44 ਸ਼ੱਕੀ ਮਾਮਲਿਆਂ ਦੇ ਨਮੂਨੇ ਬੁੱਧਵਾਰ ਤੱਕ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 38 ਰਿਪੋਰਟਾਂ ਨਾਂਹ ਪੱਖੀ ਆਈਆਂ ਹਨ ਅਤੇ ਛੇ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
Covid -19 ( Corona Virus Disease ) declared epidemic in Haryana.
— ANIL VIJ MINISTER HARYANA (@anilvijminister) March 12, 2020
ਜਾਣਕਾਰੀ ਅਨੁਸਾਰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ। ਦੁਨੀਆ ਭਰ ਵਿੱਚ 126,000 ਤੋਂ ਵੱਧ ਲੋਕ ਕੋਰੋਨੋ ਵਾਇਰਸ ਨਾਲ ਪੀੜਤ ਹਨ ਅਤੇ 4,624 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਵਿੱਚ COVID-19 ਪਾਜੀਟਿਵ ਮਾਮਲਿਆਂ ਦੀ ਗਿਣਤੀ ਵੀਰਵਾਰ ਸਵੇਰੇ 73 ਤੱਕ ਪਹੁੰਚ ਗਈ ਹੈ।
ਦੇਸ਼ ਵਿੱਚ ਇਨਫੈਕਸ਼ਨ ਨੂੰ ਘੱਟ ਕਰਨ ਲਈ ਸਰਕਾਰ ਨੇ ਸ਼ੁੱਕਰਵਾਰ ਤੋਂ 15 ਅਪ੍ਰੈਲ ਤੱਕ ਭਾਰਤੀ ਮੂਲ ਦੇ ਵਿਦੇਸ਼ੀ ਲੋਕਾਂ ਦਾ ਵੀਜ਼ਾ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੀ ਯਾਤਰਾ ਕਰਨ ਤੋਂ ਪਰਹੇਜ਼ ਕਰਨ।
ਸੰਸਦ ਵਿੱਚ ਵਿਚਾਰ ਵਟਾਂਦਰੇ ਦੌਰਾਨ ਸਿਹਤ ਮੰਤਰੀ ਹਰਸ਼ ਵਰਧਨ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਪੁਣੇ ਵਿੱਚ ਸਾਡੀ ਕੇਂਦਰੀ ਸੰਦਰਭ ਪ੍ਰਯੋਗਸ਼ਾਲਾ ਹੈ। ਅਸੀਂ ਇਸ ਤੋਂ ਬਾਅਦ 15 ਲੈਬਾਂ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਇਹ ਕੋਈ ਰੁਟੀਨ ਟੈਸਟ ਨਹੀਂ ਹੈ, ਇਸ ਦੀ ਹਰ ਲੈਬ ਵਿੱਚ ਜਾਂਚ ਨਹੀਂ ਕੀਤੀ ਜਾ ਸਕਦੀ। ਦੇਸ਼ ਭਰ ਦੀਆਂ 51 ਪ੍ਰਯੋਗਸ਼ਾਲਾਵਾਂ ਵਿੱਚ ਅਤੇ 56 ਸਥਾਨਾਂ 'ਤੇ ਸੰਗ੍ਰਹਿ ਕੇਂਦਰਾਂ ਵਿੱਚ ਸਰਗਰਮੀਆਂ ਨੂੰ ਆਮ ਕੀਤਾ ਜਾ ਰਿਹਾ ਹੈ।