ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਸਾਰੇ ਨਿੱਜੀ ਸਕੂਲਾਂ ਨੂੰ ਤਾਲਾਬੰਦੀ ਦੌਰਾਨ ਮਾਪਿਆਂ ਤੋਂ ਸਕੂਲ ਫ਼ੀਸ ਨਾ ਮੰਗਣ ਦੇ ਹੁਕਮ ਦਿੱਤੇ ਹਨ। ਸੂਬਾ ਸਰਕਾਰ ਨੇ ਆਪਣੇ ਆਰਡਰ ਵਿੱਚ ਕਿਹਾ ਹੈ ਕਿ ਸਕੂਲ ਖੁੱਲ੍ਹਣ ਤੱਕ ਮਾਪਿਆਂ ਨੂੰ ਸਕੂਲ ਫ਼ੀਸ ਦੇਣ ਲਈ ਪ੍ਰੇਸ਼ਾਨ ਨਾ ਕੀਤਾ ਜਾਵੇ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਹੁਕਮ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ।
ਹਰਿਆਣਾ ਸਰਕਾਰ ਨੇ ਇਹ ਆਦੇਸ਼ ਕੁਝ ਨਿੱਜੀ ਸਕੂਲਾਂ ਦੀਆਂ ਮਾਪਿਆਂ ਉੱਤੇ ਫੀਸ ਜਮ੍ਹਾਂ ਕਰਵਾਉਣ ਲਈ ਦਬਾਅ ਪਾਉਣ ਦੀਆਂ ਰਿਪੋਰਟਾਂ ਤੋਂ ਬਾਅਦ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ ਹਰਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 43 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕੁੱਲ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਗੁਰੂਗ੍ਰਾਮ ਨਾਲ ਸਬੰਧਤ ਹਨ, ਜਦੋਂ ਕਿ ਨੂਹ ਮੇਵਾਤ ਜ਼ਿਲ੍ਹੇ ਵਿੱਚ ਕੋਰੋਨਾ ਦੇ 3 ਪੀੜਤ ਮਰੀਜ਼ ਮਿਲੇ ਹਨ।
ਹਰਿਆਣਾ ਸਰਕਾਰ ਦੇ ਸਿਹਤ ਵਿਭਾਗ ਨੂੰ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਅੱਜ 8 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 5 ਗੁਰੂਗਰਾਮ ਅਤੇ 3 ਨੂਹ ਦੇ ਹਨ। ਇਸ ਤੋਂ ਬਾਅਦ ਸੂਬਾ ਵਿੱਚ 11 ਜ਼ਿਲ੍ਹਿਆਂ ਵਿੱਚ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 43 ਤੱਕ ਪਹੁੰਚ ਗਈ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ 13 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਵੀ ਦਿੱਤੀ ਹੈ।