Haryana Elections Live Update: ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੀ ਚੋਣ ਲਈ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਅੱਜ ਸਵੇਰੇ 7:00 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮੀਂ 6:00 ਵਜੇ ਤੱਕ ਚੱਲੇਗੀ। ਦੋਵੇਂ ਰਾਜਾਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੋਵੇਂ ਹੀ ਸੂਬਿਆਂ ਵਿੱਚ ਆਪਣੀ ਸੱਤਾ ਕਾਇਮ ਰੱਖਣ ਦੇ ਜਤਨਾਂ ਵਿੱਚ ਹੈ; ਜਦ ਕਿ ਵਿਰੋਧੀ ਪਾਰਟੀਆਂ ਵੀ ਸੱਤਾ–ਵਿਰੋਧੀ ਲਹਿਰ ਦਾ ਲਾਭ ਉਠਾਉਣ ਦੇ ਚੱਕਰਾਂ ਵਿੱਚ ਹਨ।
ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਵਿਰੋਧੀ ਕਾਂਗਰਸ ਤੇ ਨਵੀਂ ਪਾਰਟੀ ‘ਜਜਪਾ’ ਨਾਲ ਹੈ। ਸੂਬੇ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਹਰਿਆਣਾ ’ਚ ਕੁੱਲ 1.83 ਕਰੋੜ ਵੋਟਰ ਹਨ; ਜਿਨ੍ਹਾਂ ਵਿੱਚੋਂ 85 ਲੱਖ ਔਰਤਾਂ ਹਨ ਤੇ 252 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਹੇਠਲੇ ਮਹਾਂਗੱਠਜੋੜ ਅਤੇ ਕਾਂਗਰਸ–ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਵਿਚਾਲੇ ਹੈ। ਇਸ ਚੋਣ ਵਿੱਚ ਕੁੱਲ 8 ਕਰੋੜ 98 ਲੱਖ 39 ਹਜ਼ਾਰ 600 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਹਨ। ਮਹਿਲਾ ਵੋਟਰਾਂ ਦੀ ਗਿਣਤੀ ਇੱਥੇ 4 ਕਰੋੜ 28 ਲੱਖ 43 ਹਜ਼ਾਰ 635 ਹੈ।
ਮਹਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ 235 ਔਰਤਾਂ ਸਮੇਤ ਕੁੱਲ 3,237 ਉਮੀਦਵਾਰ ਚੋਣ–ਮੈਦਾਨ ਵਿੱਚ ਹਨ। ਵੋਟਿੰਗ ਲਈ ਕੁੱਲ 96,661 ਪੋਲਿੰਗ ਸਟੇਸ਼ਨ ਬਣਾਏ ਗਏ ਹਨ; ਜਿਨ੍ਹਾਂ ਉੱਤੇ ਸਾਢੇ ਛੇ ਲੱਖ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਮਹਾਰਾਸ਼ਟਰ ’ਚ ਸੂਬਾ ਪੁਲਿਸ ਤੇ ਕੇਂਦਰੀ ਬਲਾਂ ਦੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ; ਜਦ ਕਿ ਹਰਿਆਣਾ ’ਚ 75,000 ਤੋਂ ਵੱਧ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ।
ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।