ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਦੇ ਮਾਮਲੇ ’ਚ ਫਾਂਸੀ ਦੀ ਸਜ਼ਾ–ਯਾਫ਼ਤਾ ਦੋਸ਼ੀ ਹੁਣ ਆਪਣੇ ਬਚਾਅ ਲਈ ਹਰ ਤਰ੍ਹਾਂ ਦਾ ਕਾਨੂੰਨੀ ਰਾਹ ਅਖ਼ਤਿਆਰ ਕਰ ਰਹੇ ਹਨ। ਹੁਣ ਉਨ੍ਹਾਂ ਲਈ ਕਿਊਰੇਟਿਵ ਪਟੀਸ਼ਨ ਦਾ ਹੀ ਵਿਕਲਪ ਬਚਿਆ ਹੈ। ਇਸ ਮਾਮਲੇ ਦੇ ਦੋ ਦੋਸ਼ੀਆਂ ਵਿਨੇ ਸ਼ਰਮਾ ਤੇ ਮੁਕੇਸ਼ ਕੁਮਾਰ ਨੇ ਸੁਪਰੀਮ ਕੋਰਟ ’ਚ ਇਹੋ ਪਟੀਸ਼ਨਾਂ ਦਾਇਰ ਕੀਤੀਆਂ ਹਨ।
ਪੰਜ ਜੱਜਾਂ ਦਾ ਬੈਂਚ ਇਸ ਮਾਮਲੇ ’ਚ 14 ਜਨਵਰੀ ਨੂੰ ਸੁਣਵਾਈ ਕਰੇਗਾ। ਇਸ ਮਾਮਲੇ ਦੀ ਸੁਣਵਾਈ ਜਸਟਿਸ ਐੱਨਵੀ ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐੱਫ਼ ਨਰੀਮਨ, ਜਸਟਿਸ ਬੀ. ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦਾ ਬੈਂਚ ਕਰੇਗਾ।
ਲੰਘੇ ਮੰਗਲਵਾਰ ਨੂੰ ਦਿੱਲੀ ਦੀ ਅਦਾਲਤ ਨੇ ਮੁਕੇਸ਼ (32), ਪਵਨ ਗੁਪਤਾ (25), ਵਿਨੇ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ ਸਿੰਘ (31) ਵਿਰੁੱਧ ਡੈੱਥ ਵਾਰੰਟ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਵੇਗੀ।
16 ਦਸੰਬਰ, 2012 ਦੀ ਰਾਤ ਨੂੰ ਜਿਸ ਲੜਕੀ ਨਾਲ ਇਹ ਘਿਨਾਉਣੀ ਘਟਨਾ ਵਾਪਰੀ ਸੀ; ਉਸ ਨੂੰ ਭਾਰਤੀ ਮੀਡੀਆ ‘ਨਿਰਭਯਾ’ ਦੇ ਨਾਂਅ ਨਾਲ ਯਾਦ ਕਰਦਾ ਹੈ। ਨਿਰਭਯਾ ਦੀ ਮਾਂ ਨੇ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਮਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ ਤੇ ਫਾਂਸੀ ਲਈ 22 ਜਨਵਰੀ ਦੀ ਤਰੀਕ ਮੁਕੱਰਰ ਕਰ ਦਿੱਤੀ ਸੀ।
ਚੇਤੇ ਰਹੇ ਕਿ ਦਿੱਲੀ ’ਚ ਸੱਤ ਵਰ੍ਹੇ ਪਹਿਲਾਂ 16 ਦਸੰਬਰ ਦੀ ਰਾਤ ਨੂੰ ਇੱਕ ਨਾਬਾਲਗ਼ ਸਣੇ ਛੇ ਜਣਿਆਂ ਨੇ ਇੱਕ ਚੱਲਦੀ ਬੱਸ ਵਿੱਚ 23 ਸਾਲਾ ਨਿਰਪਯਾ ਨਾਲ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨੂੰ ਬੱਸ ਤੋਂ ਬਾਹਰ ਸੜਕ ਕੰਢੇ ਸੁੱਟ ਦਿੱਤਾ ਸੀ। ਇਸ ਵਾਰਦਾਤ ਦੌਰਾਨ ਉਸ ਪੀੜਤ ਕੁੜੀ ਨਾਲ ਬਹੁਤ ਸਾਰੀਆਂ ਵਹਿਸ਼ੀਆਨਾ ਹਰਕਤਾਂ ਕੀਤੀਆਂ ਗਈਆਂ ਸਨ। ਜਿਸ ਨੇ ਵੀ ਉਸ ਘਟਨਾ ਬਾਰੇ ਪੜ੍ਹਿਆ ਤੇ ਸੁਣਿਆ, ਉਸ ਦੇ ਲੂੰ–ਕੰਡੇ ਖੜ੍ਹੇ ਹੋ ਗਏ।
ਉਸ ਵਾਰਦਾਤ ਤੋਂ ਬਾਅਦ ਸਮੁੱਚੇ ਭਾਰਤ ’ਚ ਵਿਆਪਕ ਰੋਸ ਮੁਜ਼ਾਹਰੇ ਹੋਏ ਸਨ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅੰਦੋਲਨ ਸ਼ੁਰੂ ਕੀਤੇ ਗਏ ਸਨ।
ਇਸ ਮਾਮਲੇ ’ਚ ਚਾਰ ਦੋਸ਼ੀਆਂ ਵਿਨੇ ਸ਼ਰਮਾ, ਮੁਕੇਸ਼ ਸਿੰਘ, ਪਵਨ ਗੁਪਤਾ ਤੇ ਅਕਸ਼ੇ ਕੁਮਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇੱਕ ਹੋਰ ਦੋਸ਼ੀ ਰਾਮ ਸਿੰਘ ਨੇ 2015 ’ਚਹੀ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਨਾਬਾਲਗ਼ ਦੋਸ਼ੀ ਨੂੰ ਸੁਧਾਰ ਘਰ ਵਿੱਚ ਤਿੰਨ ਸਾਲਾਂ ਦੀ ਸਜ਼ਾ ਕੱਟਣ ਤੋਂ ਬਾਅਦ 2015 ’ਚ ਰਿਹਾਅ ਕਰ ਦਿੱਤਾ ਗਿਆ ਸੀ।