ਜੰਮੂ–ਕਸ਼ਮੀਰ ’ਚ ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕੱਲ੍ਹ ਸਨਿੱਚਰਵਾਰ ਨੂੰ ਸੁਰੱਖਿਆ ਜਵਾਨਾਂ ਨੇ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਅੱਤਵਾਦੀਆਂ ਦਾ ਟਿਕਾਣਾ ਨਸ਼ਟ ਕਰ ਦਿੱਤਾ। ਇਸ ਅੱਤਵਾਦੀ ਟਿਕਾਣੇ ਤੋਂ ਸੁਰੱਖਿਆ ਬਲਾਂ ਨੂੰ ਭਾਰੀ ਮਾਤਰਾ ਵਿੱਚ ਹਥਿਆਰ ਤੇ ਅਸਲਾ ਬਰਾਮਦ ਕੀਤਾ ਹੈ।
32 ਰਾਸ਼ਟਰੀ ਰਾਈਫ਼ਲਜ਼, ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਸੀਆਰਪੀਐੱਫ਼ ਦੀ 92 ਬਟਾਲੀਅਨ ਵੱਲੋਂ ਸੰਯੁਕਤ ਆਪਰੇਸ਼ਨ ਚਲਾ ਕੇ ਅੱਤਵਾਦੀਆਂ ਦੀ ਇਸ ਨਾਪਾਕ ਹਰਕਤ ਦਾ ਵੱਡਾ ਖ਼ੁਲਾਸਾ ਹੋਇਆ ਹੈ।
ਇੱਥੇ ਵਰਨਣਯੋਗ ਹੈ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੁਰੱਖਿਆ ਜਵਾਨਾਂ ਨੇ ਅਚਾਨਕ ਹਮਲਾ ਕੀਤਾ ਤੇ ਇੰਝ ਵੱਡੀ ਕਾਮਯਾਬੀ ਹੱਥ ਲੱਗੀ। ਪ੍ਰਾਪਤ ਜਾਣਕਾਰੀ ਮੁਤਾਬਕ 32 ਰਾਸ਼ਟਰੀ ਰਾਈਫ਼ਲਜ਼ ਤੇ ਵਿਸ਼ੇਸ਼ ਆਪਰੇਸ਼ਨਜ਼ ਗਰੁੱਪ ਵੱਲੋਂ ਸੰਘਣੇ ਜੰਗਲ਼ਾਂ ਵਿੱਚ ਭਾਲ਼ ਸ਼ੁਰੂ ਕੀਤੀ ਗਈ।
ਸੁਰੱਖਿਆ ਜਵਾਨਾਂ ਨੇ ਅੱਤਵਾਦੀਆਂ ਦਾ ਟਿਕਾਣਾ ਲੱਭ ਲਿਆ। ਤਲਾਸ਼ੀ ਦੌਰਾਨ ਪਾਇਆ ਗਿਆ ਕਿ ਇੱਥੇ ਪੰਜ ਅੱਤਵਾਦੀਆਂ ਦੀ ਲੁਕਣਗਾਹ ਸੀ। ਇੱਥੋਂ ਦੋ ਏਕੇ–47 ਰਾਈਫ਼ਲ, ਆਰਪੀਜੀ–ਤਿੰਨ, ਏਕੇ–47 ਦੀਆਂ 2,000 ਗੋਲ਼ੀਆਂ, ਤਿੰਨ ਵਾਇਰਲੈੱਸ ਸੈੱਟ, ਗਰਮ ਕੱਪੜੇ ਅਤੇ ਜੰਗ ਦੌਰਾਨ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ। ਸੁਰੱਖਿਆ ਬਲਾਂ ਦੇ ਪੁੱਜਣ ਸਮੇਂ ਉੱਥੇ ਕੋਈ ਅੱਤਵਾਦੀ ਮੌਜੂਦ ਨਹੀਂ ਸੀ।
ਪੁਲਿਸ ਮੁਤਾਬਕ ਇਹ ਆਪਰੇਸ਼ਨ ਸਵੇਰੇ ਸ਼ੁਰੂ ਕੀਤਾ ਗਿਆ, ਜੋ ਬਾਅਦ ਦੁਪਹਿਰ ਹਥਿਆਰਾਂ ਦਾ ਵੱਡਾ ਭੰਡਾਰ ਬਰਾਮਦ ਹੋਣ ਨਾਲ ਖ਼ਤਮ ਹੋਇਆ। ਇਸ ਤੋਂ ਤਾਂ ਇਹ ਸਮਝ ਵਿੱਚ ਆਉਂਦਾ ਹੈ ਕਿ ਅੱਤਵਾਦੀ ਭਾਰਤ ’ਚ ਕੋਈ ਵੱਡਾ ਹਮਲਾ ਕਰਨ ਦੇ ਚੱਕਰਾਂ ਵਿੱਚ ਸਨ ਪਰ ਭਾਰਤੀ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਉਨ੍ਹਾਂ ਦੀ ਚਾਲ ਨਾਕਾਮ ਰਹੀ।