ਮੋਹਾਲੀ ਤੋਂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਛੇ ਸ਼ਰਧਾਲੂਆਂ ਦੀ ਰਿਸ਼ੀਕੇਸ਼–ਬਦਰੀਨਾਥ ਹਾਈਵੇਅ ’ਤੇ ਤੀਨਧਾਰਾ ਨੇੜੇ ਇੱਕ ਹਾਦਸੇ ’ਚ ਮੌਤ ਹੋ ਗਈ। ਕੱਲ੍ਹ ਸਨਿੱਚਰਵਾਰ ਨੂੰ ਵਾਪਰੇ ਹਾਦਸੇ ਵਿੱਚ ਚਾਰ ਜਣੇ ਗੰਭੀਰ ਜ਼ਖ਼ਮੀ ਹਨ। ਚਸ਼ਮਦੀਦ ਗਵਾਹਾਂ ਮੁਤਾਬਕ ਟੈਂਪੋ–ਟ੍ਰੈਵਲਰ ਉੱਤੇ ਇੱਕ ਵੱਡੀ ਚੱਟਾਨ ਆਣ ਡਿੱਗੀ, ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰ ਗਈ।
ਦਰਅਸਲ, ਮੀਂਹ ਪੈਣ ਕਾਰਨ ਪਹਾੜੀ ਇਲਾਕਿਆਂ ਵਿੱਚ ਢਿੱਗਾਂ ਦਾ ਡਿੱਗਣਾ ਆਮ ਗੱਲ ਹੈ। ਟੀਹਰੀ ਜ਼ਿਲ੍ਹੇ ਦੇ ਡੀਐੱਸਪੀ ਪ੍ਰਮੋਦ ਸ਼ਾਾਹ ਨੇ ਦੱਸਿਆ ਕਿ ਭਾਰੀ ਚੱਟਾਨ ਦੇ ਟੈਂਪੋ–ਟ੍ਰੈਵਲਰ ਉੱਤੇ ਡਿੱਗ ਪੈਣ ਕਾਰਨ ਪੰਜ ਵਿਅਕਤੀ ਮੌਕੇ ਉੱਤੇ ਹੀ ਮਾਰੇ ਗਏ ਗਏ ਤੇ ਇੱਕ ਨੇ ਰਿਸ਼ੀਕੇਸ਼ ਸਥਿਤ ਏਮਸ (AIIMS) ਜਾ ਕੇ ਦਮ ਤੋੜਿਆ।
ਪੀਟੀਆਈ ਮੁਤਾਬਕ ਮ੍ਰਿਤਕਾਂ ਦੀ ਸ਼ਨਾਖ਼ਤ ਜਸਪਾਲ ਸਿੰਘ, ਸੁਰੇਂਦਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਜਿਤੇਂਦਰ ਪਾਲ ਤੇ ਲਵਲੀ ਵਜੋਂ ਹੋਈ ਹੈ। ਲਵਲੀ ਇਹ ਟੈਂਪੋ–ਟ੍ਰੈਵਲਰ ਚਲਾ ਰਿਹਾ ਸੀ। ਇਨ੍ਹਾਂ ਸਭ ਦੀ ਉਮਰ 21 ਤੋਂ 30 ਸਾਲ ਦੇ ਵਿਚਕਾਰ ਸੀ।
ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਸ ਦੁਖਦਾਈ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ।
ਉੱਧਰ ਮੌਸਮ ਵਿਭਾਗ ਨੇ ਹਾਲੇ ਅਗਲੇ ਕੁਝ ਦਿਨ ਭਾਰੀ ਵਰਖਾ ਦੀ ਚੇਤਾਵਨੀ ਦਿੱਤੀ ਹੈ।