ਮਦਰਾਸ ਹਾਈ ਕੋਰਟ ਨੇ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੂੰ ਝਾੜ ਪਾਈ ਹੈ। ਤਾਮਿਲ ਨਾਡੂ ਦੀ ਉੱਚ ਅਦਾਲਤ ਨੇ ਇਹ ਝਾੜ ਕਮਲ ਹਾਸਨ ਦੇ ਉਸ ਬਿਆਨ ਕਾਰਨ ਪਾਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ (ਨਾਥੂਰਾਮ ਗੌਡਸੇ) ਇੱਕ ਹਿੰਦੂ ਸੀ।’
ਅਦਾਲਤ ਨੇ ਅੱਜ ਕਮਲ ਹਾਸਨ ਨੂੰ ਝਾੜ ਪਾਉਂਦਿਆਂ ਆਖਿਆ ਕਿ ਇੱਕ ਅਪਰਾਧੀ ਦੀ ਪਛਾਣ ਉਸ ਦੇ ਧਰਮ, ਜਾਤ ਜਾਂ ਨਸਲ ਨਾਲ ਕਰਨਾ ਯਕੀਨੀ ਤੌਰ ਉੱਤੇ ਲੋਕਾਂ ਵਿਚਾਲੇ ਨਫ਼ਰਤ ਦੇ ਬੀਅ ਬੀਜਣਾ ਹੈ। ਮਦੁਰਾਇ ਬੈਂਚ ਦੇ ਜਸਟਿਸ ਆਰ ਪੁਗਲੇਂਧੀ ਨੇ ਆਪਣੀ ਇੱਕ ਹਾਲੀਆ ਚੋਣ–ਰੈਲੀ ਵਿੱਚ ਕਮਲ ਹਾਸਨ ਵੱਲੋਂ ਕੀਤੀ ਗਈ ਵਿਵਾਦਗ੍ਰਸਤ ਟਿੱਪਣੀ ਨੂੰ ਲੈ ਕੇ ਦਰਜ ਮਾਮਲੇ ਵਿੱਚ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਕਿਹਾ ਕਿ ਨਫ਼ਰਤ ਭਰੇ ਭਾਸ਼ਣ ਦੇਣਾ ਅੱਜ–ਕੱਲ੍ਹ ਆਮ ਹੋ ਗਿਆ ਹੈ।
ਇਸ ਕੇਸ ਕਾਰਨ ਮੱਕਲ ਨੀਧੀ ਮੱਯਮ (MNM) ਨਾਂਅ ਦੀ ਸਿਆਸੀ ਪਾਰਟੀ ਦੇ ਬਾਨੀ ਕਮਲ ਹਾਸਨ ਦੇ ਗ੍ਰਿਫ਼ਤਾਰ ਹੋਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਸੀ। ਕਮਲ ਹਾਸਨ ਵਿਰੁੱਧ ਇਹ ਮਾਮਲਾ ਹਿੰਦੂ ਮੁੰਨਾਨੀ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਸੀ।
ਇਸ ਬਿਆਨ ਕਾਰਨ ਕਮਲ ਹਾਸਨ ਦੀ ਆਲੋਚਨਾ ਭਾਜਪਾ, ਰਾਜ ਵਿੰਚ ਸੱਤਾਧਾਰੀ ਅੰਨਾ ਡੀਐੱਮਕੇ ਤੇ ਹਿੰਦੂ ਸੰਗਠਨਾਂ ਨੇ ਕੀਤੀ ਸੀ। ਜੱਜ ਨੇ ਅੱਜ ਕਿਹਾ ਕਿ ਇੱਕ ਚੰਗਿਆੜੀ ਨਾਲ ਰੌਸ਼ਨੀ ਵੀ ਹੋ ਸਕਦੀ ਹੈ ਪਰ ਉਸੇ ਨਾਲ ਪੂਰਾ ਜੰਗਲ਼ ਸੁਆਹ ਵੀ ਹੋ ਸਕਦਾ ਹੈ।