ਅਯੁੱਧਿਆ ਮਾਮਲੇ ’ਤੇ ਫ਼ੈਸਲੇ ਦੇ ਛਿਣ ਨੇੜੇ ਆਉਂਦੇ ਵੇਖ ਕੇ ਉੱਤਰ ਪ੍ਰਦੇਸ਼ (UP) ਪੁਲਿਸ ਵੀ ਤਿਆਰੀ ਕਰ ਰਹੀ ਹੈ। ਉੱਤਰ ਪ੍ਰਦੇਸ਼ ਪੁਲਿਸ ਉੱਤੇ ਸੂਬੇ ਦੀ ਕਾਨੂੰਨ ਤੇ ਵਿਵਸਥਾ ਨੂੰ ਕਾਬੂ ਹੇਠ ਰੱਖਣ ਦੀ ਅਹਿਮ ਜ਼ਿੰਮੇਵਾਰੀ ਹੈ। ਉੱਤਰ ਪ੍ਰਦੇਸ਼ ਪੁਲਿਸ ਦੇ DGP ਓਪੀ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਕਿਸੇ ਨੂੰ ਕਾਨੂੰਨ ਆਪਣੇ ਹੱਥਾਂ ’ਚ ਨਹੀਂ ਲੈਣ ਦਿੱਤਾ ਜਾਵੇਗਾ। ਜੇ ਕੋਈ ਅਜਿਹਾ ਕਰਦਾ ਹੈ, ਤਾਂ ਉਸ ਉੱਤੇ ‘ਰਾਸ਼ਟਰੀ ਸੁਰੱਖਿਆ ਕਾਨੂੰਨ’ (NSA – ਨੈਸ਼ਨਲ ਸਕਿਓਰਿਟੀ ਐਕਟ) ਤਹਿਤ ਕਾਰਵਾਈ ਕੀਤੀ ਜਾਵੇਗੀ।
ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਮੁਕੰਮਲ ਹੋ ਚੁੱਕੀ ਹੈ। ਅਗਲੇ ਕੁਝ ਦਿਨਾਂ ’ਚ ਸੁਪਰੀਮ ਕੋਰਟ ਇਸ ਵਿਵਾਦ ਉੱਤੇ ਆਪਣਾ ਫ਼ੈਸਲਾ ਸੁਣਾ ਸਕਦਾ ਹੈ। DGP ਓਪੀ ਸਿੰਘ ਨੇ ਦੱਸਿਆ ਕਿ ਅਯੁੱਧਿਆ ਮਾਮਲੇ ਦੇ ਫ਼ੈਸਲੇ ਨੂੰ ਵੇਖਦਿਆਂ ਚੌਕਸੀ ਵਰਤੀ ਜਾ ਰਹੀ ਹੈ।
ਸਾਰੇ ਡੀਐੱਮ ਤੇ ਐੱਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਰੀ ਮਸ਼ੀਨਰੀ ਪੂਰੀ ਤਰ੍ਹਾਂ ਚੁਸਤ ਅਤੇ ਦਰੁਸਤ ਰੱਖਣ ਅਤੇ ਜਨਤਾ ਨਾਲ ਸੰਪਰਕ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਦੀ ਖ਼ੁਫ਼ੀਆ ਸ਼ਾਖ਼ਾ ਵੀ ਕੰਮ ਕਰ ਰਹੀ ਹੈ ਤੇ ਅਹਿਮ ਸੂਚਨਾਵਾਂ ਇਕੱਠੀਆਂ ਕਰ ਰਹੀ ਹੈ।
ਡੀਜੀਪੀ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਜੇ ਲੋੜ ਪਈ ਤਾਂ ਅਜਿਹਾ ਕਰਨ ਵਾਲਿਆਂ ਵਿਰੁੱਧ NSA ਦੀਆਂ ਵਿਵਸਥਾਵਾਂ ਲਾਈਆਂ ਜਾਣਗੀਆਂ।
ਇੱਥੇ ਵਰਨਣਯੋਗ ਹੈ ਕਿ ਯੂਪੀ ਪੁਲਿਸ ਵੱਖੋ–ਵੱਖਰੇ ਥਾਣਾ ਖੇਤਰਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰ ਰਹੀ ਹੈ ਤੇ ਮਾਹੌਲ ਨੂੰ ਸੁਖਾਵਾਂ ਰੱਖਣ ਦੀਆਂ ਅਪੀਲਾਂ ਕਰ ਰਹੀ ਹੈ।