ਦਿੱਲੀ ’ਚ ਬੀਤੇ ਦਿਨੀਂ ਜਦੋਂ ਹਿੰਸਾ ਦੌਰਾਨ ਬਾਹਰ ਗੱਡੀਆਂ ਫੂਕੀਆਂ ਜਾ ਰਹੀਆਂ ਸਨ; ਹਰ ਪਾਸੇ ਚੀਕ–ਚਿਹਾੜਾ ਪਿਆ ਹੋਇਆ ਸੀ। ਇਲਾਕੇ ਵਿੱਚ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਤੇ ਲੋਕ ਦਹਿਸ਼ਤ ਕਾਰਨ ਘਰਾਂ ’ਚ ਲੁਕੇ ਬੈਠੇ ਸਨ।
ਇਸੇ ਦੌਰਾਨ ਉੱਤਰ–ਪੂਰਬੀ ਦਿੱਲੀ ਦੇ ਘੋਂਡਾ ਪਿੰਡ ਸਥਿਤ ਭਗਤਾਂ ਮੁਹੱਲੇ ’ਚ ਭੀੜ ਨੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਮਨਸੂਬੇ ਨਾਕਾਮ ਕਰ ਦਿੱਤੇ ਸਨ। ਭਗਤਾਂ ਮੁਹੱਲਾ ਦੇ ਲੋਕਾਂ ਨੇ ਫ਼ਿਰਕੂ ਏਕਤਾ ਦੀ ਮਿਸਾਲ ਕਾਇਮ ਕੀਤੀ।
ਹਿੰਦੂ ਭਾਈਚਾਰੇ ਦੇ ਲੋਕਾਂ ਨੇ 12 ਮੁਸਲਿਮ ਪਰਿਵਾਰਾਂ ਨੂੰ ਹਿੰਸਕ ਭੀੜ ਤੋਂ ਸੁਰੱਖਿਅਤ ਬਚਾ ਕੇ ਰੱਖਿਆ। ਸਥਾਨਕ ਲੋਕ ਦਿਨ–ਰਾਤ ਉਨ੍ਹਾਂ ਦੀ ਸੁਰੱਖਿਆ ਲਈ ਪਹਿਰਾ ਦੇ ਰਹੇ ਹਨ। ਇਸ ਮੁਹੱਲੇ ’ਚ ਤਿੰਨ ਮੁਸਲਿਮ ਪਰਿਵਾਰਾਂ ਦੇ ਆਪਣੇ ਮਕਾਨ ਹਨ; ਬਾਕੀ ਸਭ ਪਰਿਵਾਰ ਕਿਰਾਏ ਦੇ ਮਕਾਨਾਂ ’ਚ ਰਹਿ ਰਹੇ ਹਨ।
ਇੰਨੀ ਹਿੰਸਾ ਹੋਣ ਦੇ ਬਾਵਜੂਦ ਇੱਥੇ ਹਿੰਦੂ–ਮੁਸਲਿਮ ਭਾਈਚਾਰਿਆਂ ਦੇ ਲੋਕ ਇੱਕ–ਦੂਜੇ ਨੂੰ ਗਲ਼ੇ ਮਿਲ਼ਦੇ ਦਿਸ ਰਹੇ ਹਨ। ਇੱਕੋ ਹੀ ਮੰਜੀ ਉੱਤੇ ਬਹਿ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਰਹੇ ਹਨ। ਕੁਝ ਅਜਿਹੀ ਤਸਵੀਰ ਇਸ ਮੁਹੱਲੇ ’ਚ ਵੇਖਣ ਨੂੰ ਮਿਲ ਰਹੀ ਹੈ।
ਬੁਲੰਦ ਸ਼ਹਿਰ ਦੇ ਸ੍ਰੀਮਤੀ ਅਲੀ ਫ਼ਾਤਿਮਾ ਨੇ ਦੱਸਿਆ ਕਿ ਉਹ ਇਸ ਮੁਹੱਲੇ ਵਿੱਚ ਪਿਛਲੇ 22 ਸਾਲਾਂ ਤੋਂ ਰਹਿ ਰਹੇ ਹਨ। ਜਦੋਂ ਬਾਹਰ ਚੌਕ ’ਤੇ ਬਾਹਰ ਹਿੰਸਾ ਵਾਪਰ ਰਹੀ ਸੀ; ਤਦ ਪਿੰਡ ਦੇ ਲੋਕਾਂ ਨੇ ਸਾਡੀ ਹਿਫ਼ਾਜ਼ਤ ਕੀਤੀ। ਉਸ ਕਾਰਨ ਇੱਥੇ ਦੰਗਾਕਾਰੀਆਂ ਦੀ ਆਉਣ ਦੀ ਹਿੰਮਤ ਨਹੀਂ ਪਈ। ਅਸੀਂ ਬੇਹੱਦ ਖ਼ੁਸ਼ ਹਾਂ ਕਿ ਮੁਹੱਲੇ ਦੇ ਲੋਕ ਸਾਡੀ ਸੇਵਾ ਕਰ ਰਹੇ ਹਨ।
ਸ੍ਰੀਮਤੀ ਫ਼ਾਤਿਮਾ ਦੇ ਪਤੀ ਅਸਗ਼ਰ ਅਲੀ ਨੇ ਦੱਸਿਆ ਕਿ ਇੱਥੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਹ ਬੋਲੇ ਕਿ ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ।
35 ਸਾਲਾਂ ਤੋਂ ਇਸੇ ਮੁਹੰਲੇ ’ਚ ਕਿਰਾਏ ’ਤੇ ਰਹਿ ਰਹੇ ਬਜ਼ੁਰਗ ਸ੍ਰੀਮਤੀ ਹਾਜਰਾ ਦਾ ਕਹਿਣਾ ਸੀ ਕਿ ਇੱਥੇ ਮੈਂ ਕਦੇ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ। ਇੱਥੇ ਸਾਰੇ ਧਰਮਾਂ ਤੇ ਜਾਤੀ ਦੇ ਲੋਕ ਪਰਿਵਾਰ ਵਾਂਗ ਰਹਿੰਦੇ ਹਲ। ਮੈਂ ਆਪਣੀਆਂ ਸਾਰੀਆਂ ਧੀਆਂ ਦੇ ਵਿਆਹ ਇੱਥੇ ਹੀ ਕੀਤੇ ਹਨ ਤੇ ਆਖ਼ਰੀ ਸਾਹ ਵੀ ਇਨ੍ਹਾਂ ਹੀ ਲੋਕਾਂ ’ਚ ਰਹਿ ਕੇ ਲੈਣਾ ਚਾਹੁੰਦੀ ਹਾਂ।